Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Sunday 29 December 2019

ਭਾਰਤੀ ਲੋਕਾਂ ’ਤੇ ਫਾਸ਼ੀਵਾਦੀ ਹਮਲੇ ਵਿਰੁੱਧ ਜਮਹੂਰੀ ਫਰੰਟ ਪੰਜਾਬ ਵਲੋਂ 8 ਜਨਵਰੀ 2020 ਦੇ ਭਾਰਤ ਬੰਦ ਨੂੰ ਲਾਮਿਸਾਲ ਕਾਮਯਾਬ ਕਰਨ ਦੀ ਅਪੀਲ

 
ਜਲੰਧਰ; 29 ਦਸੰਬਰ - ਕਮਿਊਨਿਸਟ ਪਾਰਟੀਆਂ ਅਤੇ ਮੰਚਾਂ ’ਤੇ ਆਧਾਰਿਤ ‘‘ਭਾਰਤੀ ਲੋਕਾਂ ’ਤੇ ਫਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ’’ ਵਲੋਂ ਆਉਂਦੀ 8 ਜਨਵਰੀ ਨੂੰ ਕਿਰਤੀ ਕਿਸਾਨ ਸੰਗਠਨਾਂ ਵਲੋਂ ਮੋਦੀ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅਤੇ ਫਿਰਕੂ-ਫਾਸ਼ੀ ਸਾਜ਼ਿਸ਼ਾਂ ਵਿਰੁੱਧ ਕੀਤੇ ਜਾ ਰਹੇ ਭਾਰਤ ਬੰਦ ਦੀ ਕਾਮਯਾਬੀ ਲਈ ਹਰ ਪੱਖੋਂ ਡਟਵਾਂ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ। ਉਕਤ ਫੈਸਲਾ ਮੰਚ ਵਿੱਚ ਸ਼ਾਮਲ ਪਾਰਟੀਆਂ ਦੇ ਕੇਂਦਰੀ ਅਤੇ ਸੂਬਾਈ ਆਗੂਆਂ ਦੀ ਜਲੰਧਰ ਵਿਖੇ ਹੋਈ ਸਾਂਝੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਲੋਂ ਦੇਸ਼ ਦੇ ਫਿਰਕੇਦਾਰਾਨਾ ਵੰਡ ਦਾ ਆਧਾਰ ਬਣੇ ‘ਨਾਗਰਿਕਤਾ ਸੋਧ ਕਾਨੂੰਨ 2019’ (ਸੀਏਏ) ਅਤੇ ਇਸੇ ਫੁੱਟ ਪਾਊ ਸਾਜ਼ਿਸ਼ ਦੀਆਂ ਕੜੀਆਂ ਕੌਮੀ ਨਾਗਰਿਕਤਾ ਸੂਚੀ (ਐਨਆਰਸੀ) ਤੇ ਕੌਮੀ ਜਨਸੰਖਿਆ ਰਜਿਸਟਰ (ਐਨਪੀਆਰ) ਖਿਲਾਫ਼ ਸੰਵਿਧਾਨ ਦੇ ਦਾਇਰੇ ਵਿੱਚ ਜਮਹੂਰੀ ਢੰਗਾਂ ਨਾਲ ਸੰਘਰਸ਼ ਕਰ ਰਹੇ ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਹੱਕੀ ਸੰਗਰਾਮ ਦੀ ਮੁਕੰਮਲ ਹਿਮਾਇਤ ਕਰਦਿਆਂ, ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਸੂਬਾਈ ਹੁਕੂਮਤਾਂ ਵਲੋਂ ਸੰਘਰਸ਼ਸ਼ੀਲ ਲੋਕਾਂ ’ਤੇ ਢਾਹੇ ਜਾ ਰਹੇ ਅਕਹਿ ਜਬਰ ਦੀ ਜੋਰਦਾਰ ਨਿੰਦਾ ਕੀਤੀ ਗਈ।
ਫੌਜ ਮੁਖੀ ਜਨਰਲ ਵਿਪਨ ਰਾਤ ਦੇ ਸੰਘਰਸ਼ੀ ਲੋਕਾਂ ਨੂੰ ਹਿੰਸਾ ਭੜਕਾਉਣ ਦੇ ਦੋਸ਼ੀ ਕਰਾਰ ਦੇਣ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਫੌਜ ਮੁਖੀ ਨੇ ਆਪਣੀਆਂ ਸੀਮਾਵਾਂ ਉਲੰਘਦੇ ਹੋਏ ਭਾਰਤੀ ਫੌਜ ਦੇ ਸਿਆਸੀ ਮਾਮਲਿਆਂ ਤੋਂ ਨਿਰਲੇਪ ਰਹਿਣ ਦੀ ਸਥਾਪਨਾ ਦਾ ਘੋਰ ਨਿਰਾਦਰ ਕੀਤਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਘਰਸ਼ੀ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਰਬਨ ਨਕਸਲ ਤੇ ਟੁਕੜੇ-ਟੁਕੜੇ ਗੈਂਗ ਕਹਿੰਦਿਆਂ ਇਨ੍ਹਾਂ ਨਾਲ ਸਿੱਝ ਲੈਣ ਦੀਆਂ ਧਮਕੀਆਂ ਦੇਣ ਵਾਲੇ ਹੈਂਕੜ ਪੂਰਨ ਬਿਆਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂ ਪੀ ਅਤੇ ਹੋਰਨੀਂ ਥਾਈਂ ਪੁਲਸ ਦੀ ਜਾਬਰਾਨਾ ਕਾਰਵਾਈ ਨੂੰ ਵਾਜਬ ਠਹਿਰਾਉਣ ਵਾਲੇ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਦੀ  ਨਿੰਦਿਆ ਕੀਤੀ ਗਈ। ਭਾਜਪਾ ਆਗੂਆਂ ਵਲੋਂ ਪੁਲਸ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ਨੂੰ ਧਾਰਮਿਕ ਪਛਾਣ ਦੇ ਆਧਾਰ ’ਤੇ ਦੇਸ਼ ਧਰੋਹੀ ਕਰਾਰ ਦੇਣ ਵਾਲੇ ਬਿਆਨਾਂ ਦੀ ਸਖ਼ਤ ਨਿੰਦਾ ਕੀਤੀ ਗਈ। ਮੀਟਿੰਗ ਵਲੋਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਤਾਨਾਸ਼ਾਹੀ ਰਾਜ ਦੀ ਸਥਾਪਨਾ ਅਤੇ ਘਰੋਗੀ ਜੰਗ ਵਰਗੇ ਹਾਲਾਤ ਪੈਦਾ ਕਰਨ ਦੀ ਸਾਜਿਸ਼ ਦਾ ਇਸ਼ਾਰਾ ਕਰਦੇ ਉਕਤ ਹੁਕੂਮਤੀ ਰੁਝਾਨਾਂ ਵਿਰੁੱਧ ਹਰ ਪੱਧਰ ’ਤੇ ਪ੍ਰਤੀਰੋਧ ਉਸਾਰਿਆ ਜਾਵੇ। ਮੀਟਿੰਗ ਵਿੱਚ ਆਰਐਮਪੀਆਈ ਵਲੋਂ ਸਰਵ ਸਾਥੀ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਇ ਤੇ ਮਹੀਪਾਲ; ਸੀਪੀਆਈ (ਐਮ ਐਲ) ਨਿਊ ਡੈਮੋਕਰੇਸੀ ਵਲੋਂ ਅਜਮੇਰ ਸਿੰਘ ਸਮਰਾ, ਸੀਪੀਆਈ (ਐਮਐਲ) ਲਿਬਰੇਸ਼ਨ ਵਲੋਂ ਸਾਥੀ ਗੁਰਮੀਤ ਸਿੰਘ ਬਖਤਪੁਰ, ਇਨਕਲਾਬੀ ਲੋਕ ਮੋਰਚਾ ਵਲੋਂ ਡਾਕਟਰ ਦਰਸ਼ਨ ਪਾਲ ਤੇ ਲਾਲ ਸਿੰਘ ਗੋਲੇਵਾਲਾ; ਐਮਸੀਪੀਆਈ (ਯੂ) ਵਲੋਂ ਕਿਰਨਜੀਤ ਸੇਖੋਂ ਤੇ ਮੰਗਤ ਰਾਮ ਲੌਂਗੋਵਾਲ, ਇਨਕਲਾਬੀ ਕੇਂਦਰ ਵਲੋਂ ਨਿਰਮਲ ਸਿੰਘ ਸ਼ਾਮਲ ਹੋਏ। ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਸਾਥੀ ਬੰਤ ਬਰਾੜ ਅਤੇ ਲੋਕ ਸੰਗਰਾਮ ਮੰਚ ਦੇ ਸੂਬਾਈ ਪ੍ਰਧਾਨ ਤਾਰਾ ਸਿੰਘ ਮੋਗਾ ਅਤੇ ਇਨਕਲਾਬੀ ਜਮਹੂਰੀ ਮੋਰਚਾ ਦੇ ਆਗੂਆਂ ਵਲੋਂ ਮੀਟਿੰਗ ਦੇ ਫੈਸਲਿਆਂ ਨਾਲ ਪੂਰਨ ਸਹਿਮਤੀ ਪਰਗਟ ਕਰਦਿਆਂ ਕੀਤੇ ਫੈਸਲਿਆਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਦਾ ਸੰਦੇਸ਼ ਭੇਜਿਆ ਗਿਆ।

No comments:

Post a Comment