Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday 16 December 2019

ਚਾਰ ਖੱਬੀਆਂ ਪਾਰਟੀਆਂ ਵਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ 19 ਦਸੰਬਰ ਨੂੰ ਸਾਂਝੇ ਮੁਜ਼ਾਹਰੇ

ਜਲੰਧਰ, 16 ਦਸੰਬਰ - ਦੇਸ਼ ਨੂੰ ਤੋੜਨ ਤੇ ਤਬਾਹ ਕਰਨ ਵਾਲੇ ਨਵੇਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਉਭਰੇ ਦੇਸ਼ ਵਿਆਪੀ ਰੋਹ ਨੂੰ ਇਕਜੁਟ ਤੇ ਪ੍ਰਚੰਡ ਕਰਨ ਵਾਸਤੇ ਖੱਬੀਆਂ ਪਾਰਟੀਆਂ ਵਲੋਂ 19 ਦਸੰਬਰ ਨੂੰ ਆਯੋਜਤ ਕੀਤੇ ਜਾ ਰਹੇ 'ਪ੍ਰੋਟੈਸਟ ਦਿਵਸ' ਨੂੰ ਪੰਜਾਬ ਅੰਦਰ ਵੀ ਪੂਰੀ ਤਰ੍ਹਾਂ ਸਫਲ ਬਣਾਇਆ ਜਾਵੇਗਾ। ਇਹ ਐਲਾਨ ਅੱਜ ਏਥੇ ਚਾਰ ਖੱਬੀਆਂ ਪਾਰਟੀਆਂ ਦੇ ਆਗੂਆਂ ਸਰਵਸਾਥੀ ਬੰਤ ਬਰਾੜ ਸੂਬਾ ਸਕੱਤਰ ਸੀ.ਪੀ.ਆਈ., ਗੁਰਮੀਤ ਸਿੰਘ ਬਖਤਪੁਰਾ ਸਕੱਤਰ ਸੀ.ਪੀ.ਆਈ.(ਐਮ.ਐਲ.)ਲਿਬਰੇਸ਼ਨ, ਮੰਗਤ ਰਾਮ ਪਾਸਲਾ ਜਨਰਲ ਸਕੱਤਰ ਆਰ.ਐਮ.ਪੀ.ਆਈ. ਅਤੇ ਕਿਰਨਜੀਤ ਸਿੰਘ ਸੇਖਂੋਂ ਪੀ.ਬੀ.ਮੈਂਬਰ ਐਮ.ਸੀ.ਪੀ.ਆਈ.(ਯੂ) ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਕੀਤਾ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ 'ਅਨੇਕਤਾ ਵਿਚ ਏਕਤਾ' ਨੂੰ ਦਰਸਾਉਂਦੀਆਂ ਸੈਕੂਲਰ ਵਿਵਸਥਾਵਾਂ ਨੂੰ ਤਬਾਹ ਕਰਨ ਵਾਲੇ ਇਸ ਕਾਨੂੰਨ ਵਿਰੁੱਧ ਪ੍ਰਾਂਤ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਸਾਂਝੇ ਮੁਜ਼ਾਹਰੇ ਕੀਤੇ ਜਾਣਗੇ ਅਤੇ ਇਸ ਕਾਨੂੰਨ ਦੀਆਂ ਕਾਪੀਆਂ ਸਾੜਕੇ ਮੋਦੀ ਸਰਕਾਰ ਵਲੋਂ ਆਰ.ਐਸ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਦੇਸ਼ ਅੰਦਰ ਧਰਮ ਆਧਾਰਿਤ ਪਿਛਾਖੜੀ ਰਾਜ ਸਥਾਪਤ ਕਰਨ ਦੇ ਲੋਕ ਮਾਰੂ ਮਨਸੂਬਿਆਂ ਨੂੰ ਬੇਨਕਾਬ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਦੇਸ਼ ਦੀ ਆਰਥਕ ਹਾਲਤ ਤੇਜ਼ੀ ਨਾਲ ਨਿਘਰਦੀ ਜਾ ਰਹੀ ਹੈ ਅਤੇ ਆਮ ਲੋਕੀਂ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਦੋਹਰੀ ਮਾਰ ਹੇਠ ਬੁਰੀ ਤਰ੍ਹਾਂ ਨਪੀੜੇ ਜਾ ਰਹੇ ਹਨ। ਜੀ.ਐਸ.ਟੀ. ਵਰਗੇ ਟੈਕਸ ਵਧਾਕੇ ਸਰਕਾਰ ਵਲੋਂ ਲੋਕਾਂ ਦੀ ਰੱਤ ਵੱਖਰੀ ਨਿਚੋੜੀ ਜਾ ਰਹੀ ਹੈ। ਖੇਤੀ ਦਾ ਧੰਦਾ ਬੁਰੀ ਤਰ੍ਹਾਂ ਚੌਪਟ ਹੋ ਚੁੱਕਾ ਹੈ। ਪ੍ਰੰਤੂ ਮੋਦੀ ਸਰਕਾਰ ਲੋਕਾਂ ਨੇ ਇਹਨਾਂ ਬੁਨਿਆਦੀ ਮੁੱਦਿਆਂ ਤੋਂ ਉਹਨਾਂ ਦਾ ਧਿਆਨ ਲਾਂਭੇ ਲਿਜਾਣ ਲਈ ਫੁੱਟ ਪਾਊ ਤੇ ਫਿਰਕੂ ਮੁੱਦੇ ਉਭਾਰ ਰਹੀ ਹੈ। ਇਸ ਮੰਤਵ ਲਈ ਉਸ ਵਲੋਂ ਅਜੇਹੇ ਕਾਨੂੰਨ ਪਾਸ ਕਰਕੇ ਦੇਸ਼ ਦੇ ਸੰਵਿਧਾਨ ਅੰਦਰਲੀਆਂ ਜਮਹੂਰੀ ਤੇ ਸੈਕੂਲਰ ਵਿਵਸਥਾਵਾਂ ਦਾ ਵੀ ਘਾਣ ਕੀਤਾ ਜਾ ਰਿਹਾ ਹੈ। ਸਰਕਾਰ ਦੇ ਇਹਨਾਂ ਜਾਬਰ ਕਦਮਾਂ ਨੂੰ ਰੋਕਣ ਵਾਸਤੇ ਇਹਨਾਂ ਆਗੂਆਂ ਨੇ ਪ੍ਰਾਂਤ ਦੀਆਂ ਖੱਬੀਆਂ ਤੇ ਜਮਹੂਰੀ ਪਾਰਟੀਆਂ ਅਤੇ ਸੈਕੂਲਰ ਤੇ ਦੇਸ਼ ਭਗਤ ਸ਼ਕਤੀਆਂ ਨੂੰ ਵੀ 19 ਦਸੰਬਰ  ਦੇ ਇਸ ਸਾਂਝੇ ਰੋਸ ਐਕਸ਼ਨ ਵਿਚ ਵੱਧ ਚੜ੍ਹਕੇ ਸ਼ਾਮਲ ਹੋਣ ਲਈ ਪੁਰਜ਼ੋਰ ਅਪੀਲ ਕੀਤੀ ਹੈ।

No comments:

Post a Comment