Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday 6 January 2020

ਆਰਐਮਪੀਆਈ ਪੰਜਾਬ ਸਕੱਤਰੇਤ ਦੀ ਮੀਟਿੰਗ ਦੌਰਾਨ 8 ਜਨਵਰੀ ਨੂੰ ਕੀਤੀ ਜਾ ਰਹੀ ਕੁੱਲ ਹਿੰਦ ਹੜਤਾਲ ਅਤੇ ਬੰਦ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਜਲੰਧਰ ; 6 ਜਨਵਰੀ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਜਲੰਧਰ ਵਿਖੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਸ਼ਾਮਲ ਹੋਏ ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾਈ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਇ ਨੇ ਦੱਸਿਆ ਕਿ ਮੀਟਿੰਗ ਵਲੋਂ, 8 ਜਨਵਰੀ ਨੂੰ ਕੀਤੀ ਜਾ ਰਹੀ ਕੁੱਲ ਹਿੰਦ ਹੜਤਾਲ ਅਤੇ ਬੰਦ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਇਹ ਗੱਲ ਉਚੇਚ ਨਾਲ ਨੋਟ ਕੀਤੀ ਗਈ ਕਿ ਦੇਸ਼ ਅਤੇ ਪੰਜਾਬ ਦੇ ਲੋਕੀ ਮੋਦੀ ਸਰਕਾਰ ਦੀਆਂ ਲੋਕਾਈ ਦਾ ਕਚੂੰਮਰ ਕੱਢਣ ਵਾਲੀਆਂ ਆਰਥਿਕ ਨੀਤੀਆਂ ਅਤੇ ਦੇਸ਼ ਦੀ ਏਕਤਾ-ਅਖੰਡਤਾ ਤੇ ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਵਾਲੀਆਂ ਫਿਰਕੂ-ਫਾਸ਼ੀ ਸਾਜ਼ਿਸ਼ਾਂ ਵਿਰੁੱਧ ਡਾਢੇ ਗੁੱਸੇ ਵਿੱਚ ਹਨ ਅਤੇ ਇਸ ਕੌਮੀ ਹੜਤਾਲ ਅਤੇ ਬੰਦ ਰਾਹੀਂ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ । ਮੀਟਿੰਗ ਵਲੋਂ ਪਾਰਟੀ ਸਫ਼ਾਂ ਨੂੰ ਹੋਕਾ ਦਿੱਤਾ ਗਿਆ ਕਿ ਉਹ 8 ਜਨਵਰੀ ਦੀ ਕੌਮੀ ਹੜਤਾਲ ਅਤੇ ਬੰਦ ਦੇ ਸੱਦੇ ਨੂੰ ਮੋਦੀ ਸਰਕਾਰ ਦੀਆਂ ਸਾਮਰਾਜ ਤੇ ਕਾਰਪੋਰੇਟ ਲੁੱਟ ਨੂੰ ਤੇਜ਼ ਕਰਦੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਅਤੇ ਫਿਰਕੂ-ਫਾਸ਼ੀ ਅਜੰਡੇ ਵਿਰੁੱਧ, ਲੋਕ ਫਤਵੇ ਵਿੱਚ ਤਬਦੀਲ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡਣ ।
ਅਮਰੀਕੀ ਪ੍ਰਸ਼ਾਸ਼ਨ ਵਲੋਂ ਈਰਾਨ ਦੀ ਫੌਜ ਦੇ ਪਰਮੁੱਖ  ਕਮਾਂਡਰਾਂ  ’ਚੋਂ ਇਕ  ਦੇ ਕੀਤੇ ਗਏ ਘਿਨਾਉਣੇ  ਕਤਲ ਦਾ ਗੰਭੀਰ ਨੋਟਿਸ ਲੈਂਦਿਆਂ ਮੀਟਿੰਗ ਵਲੋਂ ਕਿਹਾ ਗਿਆ ਕਿ ਟਰੰਪ ਪ੍ਰਸ਼ਾਸ਼ਨ ਦੀ ਇਹ ਕਾਰਵਾਈ ਸਿਰੇ ਦੀ ਭੜਕਾਊ ਅਤੇ ਸੰਸਾਰ ਅਮਨ ਨੂੰ ਲਾਂਬੂ ਲਾਉਣ ਦੇ ਸਾਮਰਾਜੀ ਮਨਸੂਬਿਆਂ ਦੀ ਕੜੀ  ਹੈ । ਮੀਟਿੰਗ ਵਲੋਂ ਸੰਸਾਰ ਭਰ ਦੇ ਅਮਨ ਪਸੰਦ ਲੋਕਾਂ ਨੂੰ ਇਸ ਮਨੁੱਖਤਾ ਵਿਰੋਧੀ ਕਾਰਵਾਈ ਖਿਲਾਫ਼ ਡਟਣ ਦੀ ਅਪੀਲ ਕਰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਖਿੱਤੇ ਵਿੱਚ ਅਮਨ ਚੈਨ ਦੀ ਰਾਖੀ ਲਈ ਅਮਰੀਕੀ ਸਰਕਾਰ ਦੀ ਪਹੁੰਚ ਵਿਰੁੱਧ ਡਟਵਾਂ ਸਟੈਂਡ ਲਵੇ। 
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਚੁਣੇ ਹੋਏ ਆਗੂਆਂ ਉਪਰ ਸੰਘ ਪਰਿਵਾਰ ਦੇ ਗੁੰਡਿਆਂ ਵਲੋਂ ਕੀਤੇ ਗਏ ਜਾਨ ਲੇਵਾ ਹਮਲੇ ਦੀ ਨਿਖੇਧੀ ਕਰਦਿਆਂ ਆਰ.ਐਮ.ਪੀ.ਆਈ. ਦੀ ਇਹ ਪ੍ਰਪੱਕ ਰਾਇ ਹੈ ਕਿ ਸੰਘ ਪਰਿਵਾਰ ਵਲੋਂ ਪੁਲਸ ਪ੍ਰਸ਼ਾਸਨ ਨਾਲ ਮਿਲਕੇ ਕੀਤਾ ਗਿਆ ਇਹ ਹਮਲਾ ਪੂਰੀ ਤਰ੍ਹਾਂ ਯੋਜਨਾਬੱਧ ਸੀ। ਦੇਸ਼ ਦੇ ਧਰਮਨਿਰਪੱਖ ਅਤੇ ਜਮਹੂਰੀ ਤਾਣੇ ਬਾਣੇ ਲਈ ਗੰਭੀਰ ਖਤਰੇ ਖੜ੍ਹੇ ਕਰਨ ਵਾਲੇ ਅਤੇ ਆਰ.ਐਸ.ਐਸ. ਦੇ ਭਾਰਤ ਨੂੰ ਇੱਕ ਕੱਟੜ ਧਰਮ ਅਧਾਰਤ ‘ਹਿੰਦੂ ਰਾਸ਼ਟਰ’ ਵਿੱਚ ਤਬਦੀਲ ਕਰਨ ਦੇ ਕੋਝੇ ਮਨਸੂਬਿਆਂ ਅਧੀਨ ਬਣਾਏ ਗਏ ਕੌਮੀ ਨਾਗਰਿਕਤਾ ਕਾਨੂੰਨ-2019 (ਸੀਏਏ), ਕੌਮੀ ਨਾਗਰਿਕਤਾ ਸੂਚੀ (ਐਨਆਰਸੀ) ਅਤੇ ਕੌਮੀ ਜਨਸੰਖਿਆ ਰਜਿਸਟਰ (ਐਨਪੀਆਰ) ਵਿਰੁੱਧ ਦੇਸ਼ ਦੇ ਆਵਾਮ ਵਲੋਂ ਲੜੇ ਜਾ ਰਹੇ ਦੇਸ਼ ਭਗਤਕ ਸੰਗਰਾਮ ਨੂੰ ਭਾਰਤ ਦੇ ਚੰਗੇਰੇ ਭਵਿੱਖ ਲਈ ਸ਼ੁਭ ਸੰਕੇਤ ਮੰਨਦਿਆਂ ਆਰ.ਐਮ.ਪੀ.ਆਈ. ਵਲੋਂ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਗਿਆ ਕਿ ਉਕਤ ਫੁੱਟ ਪਾਊ ਕਾਨੂੰਨ ਨਾ ਕੇਵਲ ਦੇਸ਼ ਦੀਆਂ ਘੱਟ ਗਿਣਤੀਆਂ, ਦਲਿਤਾਂ ਅਤੇ ਅਗਾਂਹਵਧੂ ਧਿਰਾਂ ਦੇ ਖਿਲਾਫ਼ ਹਨ, ਬਲਕਿ ਇਨ੍ਹਾਂ ਰਾਹੀਂ ਕਰੋੜਾਂ ਮਿਹਨਤਕਸ਼ ਲੋਕਾਂ, ਜਿਨ੍ਹਾਂ ’ਚ ਹਿੰਦੂ ਜਨਸਮੂਹਾਂ ਦੀ ਭਾਰੀ ਗਿਣਤੀ ਸ਼ਾਮਿਲ ਹੈ ਜੋ ਮੋਦੀ ਸਰਕਾਰ ਦੀਆਂ ਨੀਤੀਆਂ ਸਦਕਾ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਕੁਪੋਸ਼ਨ, ਕੁਰੱਪਸ਼ਨ ਆਦਿ ਤੋਂ ਪੀੜਤ ਹਨ, ਦਾ ਧਿਆਨ ਉਨ੍ਹਾਂ ਦੀਆਂ ਦਿੱਕਤਾਂ ਤੋਂ ਲਾਂਭੇ ਕਰਨ ਅਤੇ ਫਿਰਕੂ ਵੰਡ ਤਿੱਖੀ ਕਰਨ ਲਈ ਕੀਤਾ ਜਾ ਰਿਹਾ ਹੈ।
ਬੀਤੇ ਦਿਨੀਂ ਪਾਕਿਸਤਾਨ ਵਿੱਚ ਮਸ਼ਕੂਕ ਇਰਾਦਿਆਂ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਨਨਕਾਣਾ ਸਾਹਿਬ ਵਿਖੇ ਸਿੱਖਾਂ ਵਿਰੁੱਧ ਕੀਤੀ ਗਈ ਭੜਕਾਊ ਬਿਆਨਬਾਜ਼ੀ ਅਤੇ ਧੱਕੇਸ਼ਾਹੀ ਦਾ ਗੰਭੀਰ ਨੋਟਿਸ ਲੈਂਦਿਆਂ ਮੀਟਿੰਗ ਵਲੋਂ ਕਿਹਾ ਗਿਆ ਕਿ ਉਕਤ ਕਾਰਵਾਈ ਖਿੱਤੇ ਵਿੱਚ ਅਮਨ ਚੈਨ ਦੀ ਕਾਇਮੀ ਅਤੇ ਚੰਗੇ ਗੁਆਂਢੀਆਂ ਵਾਲੇ ਸਬੰਧਾਂ ਨੂੰ ਕੜਵਾਹਟ ਭਰੇ ਬਣਾਉਣ ਲਈ ਦੋਹਾਂ ਦੇਸ਼ਾਂ ਵਿਚਲੇ ਕੱਟੜਪੰਥੀ ਤੱਤਾਂ ਦੀ ਸਾਜਿਸ਼ ਹੈ। ਕਰਤਾਰ ਪੁਰ ਲਾਂਘਾ ਖੋਲ੍ਹੇ ਜਾਣ ਤੋਂ ਬਾਅਦ ਕਾਇਮ ਹੋਏ ਸੁਖਾਵੇਂ ਮਾਹੌਲ ਦੀ ਰਾਖੀ ਅਤੇ ਮਜਬੂਤੀ ਹਿਤ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਗਈ ਹੈ। 
ਮੀਟਿੰਗ ਵਲੋਂ ਗੁਜਰਾਤ, ਯੂ.ਪੀ. ਆਦਿ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਆਬਾਦਕਾਰ ਕਿਸਾਨਾਂ ਦੇ ਉਜਾੜੇ ਦੀ ਸਖਤ ਨਿਖੇਧੀ ਕਰਦਿਆਂ ਇਨ੍ਹਾਂ ਦੇ ਫੌਰੀ ਮੁੜ ਵਸੇਬੇ ਦੀ ਮੰਗ ਕੀਤੀ ਗਈ ਹੈ। ਆਰ.ਐਮ.ਪੀ.ਆਈ. ਨੇ ਰਸੋਈ ਗੈਸ, ਰੇਲ ਕਿਰਾਇਆਂ, ਬਿਜਲੀ ਦਰਾਂ ਅਤੇ ਬਸ ਕਿਰਾਇਆਂ ਵਿੱਚ ਕੇਂਦਰੀ ਅਤੇ ਸੂਬਾ ਸਰਕਾਰਾਂ ਵਲੋਂ ਕੀਤੇ ਗਏ ਹਾਲੀਆ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। 
ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਕੇਂਦਰੀ ਅਤੇ ਪੰਜਾਬ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅਤੇ ਸੰਘ ਭਾਜਪਾ ਦੇ ਫਿਰਕੂ ਫਾਸ਼ੀ ਅਜੰਡੇ ਵਿਰੁੱਧ ਆਜ਼ਾਦਾਨਾ ਅਤੇ ਖੱਬੀਆਂ ਧਿਰਾਂ ਦੇ ਸਾਂਝੇ ਮੋਰਚੇ ਰਾਹੀਂ ਖਾੜਕੂ ਸੰਗਰਾਮਾਂ ਦੀ ਉਸਾਰੀ ਲਈ ਪੁਰਜ਼ੋਰ ਯਤਨ ਕੀਤੇ ਜਾਣਗੇ ।
ਇਸ ਮੌਕੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ, ਕੁਰਬਾਨੀ ਦੇ ਪੁੰਜ  ਬਾਬਾ ਸੋਹਣ ਸਿੰਘ ਭਕਨਾ  ਜੀ ਦਾ 150 ਵਾਂ  ਜਨਮ ਦਿਵਸ ਮਨਾਉਂਦਿਆਂ, ਉਨ੍ਹਾਂ ਦੀ ਯਾਦ ਵਿੱਚ ਇੱਕ ਆਕਰਸ਼ਕ ਪੋਸਟਰ ਵੀ  ਰਿਲੀਜ਼ ਕੀਤਾ ਗਿਆ।

No comments:

Post a Comment