Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 4 July 2019

ਬਿਜਲੀ ਅਤੇ ਪਾਣੀ ਦੇ ਮੁੱਦੇ 'ਤੇ ਆਰਐਮਪੀਆਈ ਵੱਲੋਂ ਮੋਰਚਾ ਲਗਾਉਣ ਦਾ ਐਲਾਨ





ਜਲੰਧਰ, 4 ਜੁਲਾਈ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਸੂਬੇ ਦੀ ਮਿਹਨਤਕਸ਼ ਵਸੋਂ ਦੇ ਰੋਜ਼ੀ-ਰੋਟੀ ਨਾਲ ਜੁੜੇ ਮਸਲਿਆਂ ਦੇ ਢੁੱਕਵੇਂ ਹੱਲ ਲਈ ਅਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਡੱਟਵਾਂ ਪ੍ਰਤੀਰੋਧ ਉਸਾਰਨ ਹਿੱਤ ਪੜਾਅਵਾਰ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਕਤ ਫੈਸਲਾ ਅੱਜ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਸਰਵ ਸਾਥੀ ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ ਅਤੇ ਵਿਜੇ ਮਿਸ਼ਰਾ 'ਤੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੀ ਸੂਬਾਈ ਪ੍ਰਤੀਨਿਧ  ਕਨਵੈਨਸ਼ਨ ਵਲੋਂ ਸਰਵ ਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਰਾਹੀਂ ਕੀਤਾ ਗਿਆ।
ਪਾਰਟੀ ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਵਲੋਂ ਪੇਸ਼ ਕੀਤੇ ਗਏ ਇੱਕ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ ਪਾਰਟੀ ਦੀਆਂ ਸਮੂਹ ਇਕਾਈਆਂ ਬਿਜਲੀ ਦਰਾਂ 'ਚ ਕੀਤੇ ਗਏ ਤਰਕਹੀਣ ਵਾਧੇ ਨੂੰ ਰੱਦ ਕਰਾਉਣ ਲਈ ਅਤੇ ਖਾਤਮੇਂ ਦੀ ਕਗਾਰ ਤੱਕ ਪੁੱਜ ਚੁੱਕੇ ਪੀਣ ਯੋਗ ਤੇ ਸਿੰਚਾਈ ਲਈ ਲੋੜੀਂਦੇ ਪਾਣੀ ਦੀ ਰਾਖੀ ਲਈ ਪਿੰਡ/ ਮੁਹੱਲਾ ਪੱਧਰ ਤੋਂ ਲੋਕ ਲਾਮਬੰਦੀ ਸ਼ੁਰੂ ਕਰਦਿਆਂ 15 ਤੋਂ 31 ਜੁਲਾਈ ਤੱਕ ਜਨਤਕ ਮੀਟਿੰਗਾਂ, ਕਾਨਫਰੰਸਾਂ, ਝੰਡਾ ਮਾਰਚ, ਜਾਗੋ ਆਦਿ ਜਥੇਬੰਦ ਕਰਨਗੀਆਂ। ਇਸ ਉੱਪਰੰਤ 5 ਤੋਂ 9 ਅਗਸਤ ਤੱਕ ਸੂਬੇ ਦੇ ਸਾਰੇ ਜਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਪਹਿਲੇ ਦਿਨ 5 ਅਗਸਤ ਨੂੰ ਜਲੰਧਰ, ਗੁਰਦਾਸਪੁਰ, ਬਰਨਾਲਾ, ਰੋਪੜ ਵਿਖੇ; 6 ਅਗਸਤ ਨੂੰ ਤਰਨ ਤਾਰਨ,  ਹੁਸ਼ਿਆਰਪੁਰ, ਮੁਕਤਸਰ ਸਾਹਿਬ ਵਿਖੇ; 7 ਅਗਸਤ ਨੂੰ ਲੁਧਿਆਣਾ ਮਾਨਸਾ, ਮੋਹਾਲੀ, ਫਾਜ਼ਿਲਕਾ ਵਿਖੇ; 8 ਅਗਸਤ ਨੂੰ ਅੰਮ੍ਰਿਤਸਰ, ਫਰੀਦਕੋਟ, ਨਵਾਂ ਸ਼ਹਿਰ ਅਤੇ ਆਖਰੀ ਦਿਨ 9 ਅਗਸਤ ਨੂੰ ਪਟਿਆਲਾ, ਬਠਿੰਡਾ, ਸੰਗਰੂਰ, ਪਠਾਨਕੋਟ ਜਿਲ੍ਹਾ ਕੇਂਦਰਾਂ 'ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਵਿੱਚ ਮਿਹਨਤਕਸ਼ ਵਸੋਂ ਦੇ ਸਾਰੇ ਭਾਗਾਂ ਦੇ ਲੋਕਾਂ ਦੀ ਵਿਸ਼ਾਲ ਸ਼ਮੂਲੀਅਤ ਕਰਵਾਉਣ ਦਾ ਤਹੱਈਆ ਕੀਤਾ ਗਿਆ।
ਕਨਵੈਨਸ਼ਨ ਦੌਰਾਨ ਇਹ ਵੀ ਪਾਸ ਕੀਤਾ ਗਿਆ ਕਿ ਉਕਤ ਮੰਗਾਂ ਪੂਰੀਆਂ ਕਰਵਾਉਣ ਲਈ ਸਤੰਬਰ ਮਹੀਨੇ ਪਟਿਆਲਾ ਵਿਖੇ ਮੋਰਚਾ ਲਾਇਆ ਜਾਵੇਗਾ।।ਮਤੇ ਰਾਹੀਂ ਹਾਜ਼ਰ ਪ੍ਰਤੀਨਿਧਾਂ ਨੂੰ ਸੱਦਾ ਦਿੱਤਾ ਗਿਆ ਕਿ ਉਕਤ ਲੋਕ ਹਿਤੂ ਸੰਗਰਾਮ ਦੀ ਕਾਮਯਾਬੀ ਲਈ ਯੋਗਦਾਨ ਪਾਉਣ ਦਾ ਸੱਦਾ ਦੇਣ ਲਈ ਸੂਬੇ ਦੇ ਲੋਕਾਂ ਵਿਸ਼ੇਸ਼ਕਰ ਕਿਰਤੀ ਵਸੋਂ ਨਾਲ ਸਬੰਧਤ ਹਰ ਘਰ ਤੱਕ ਸੁਨੇਹਾ ਪੁੱਜਦਾ ਕਰਨ ਦੇ ਸਿਰਤੋੜ ਯਤਨ ਕੀਤੇ ਜਾਣ। ।
ਕਨਵੈਨਸ਼ਨ ਵਲੋਂ ਸੂਬੇ ਅੰਦਰ ਹਰ ਰੋਜ ਵਾਪਰ ਰਹੀਆਂ ਅਪਰਾਧਿਕ ਵਾਰਦਾਤਾਂ, ਨਸ਼ਾ ਤਸਕਰੀ ਅਤੇ ਮਾਫੀਆ ਲੁੱਟ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਇਸ ਤਬਾਹਕਰੂ ਵਰਤਾਰੇ ਨੂੰ ਰੋਕਣ ਪੱਖੋਂ ਪੰਜਾਬ ਸਰਕਾਰ ਦੀ ਨਾਕਾਮੀ ਤੇ ਕਾਂਗਰਸੀ ਆਗੂਆਂ ਵਲੋਂ ਅਪਰਾਧੀ ਅਨਸਰਾਂ ਦੀ ਕੀਤੀ ਜਾ ਰਹੀ ਪੁਸ਼ਤ ਪਨਾਹੀ ਦੀ ਸਖਤ ਨਿਖੇਧੀ ਕੀਤੀ ਗਈ।।ਲੋਕਾਂ ਨੂੰ ਇਸ ਘਿਰਣਾਯੋਗ ਵਰਤਾਰੇ ਖਿਲਾਫ਼ ਸੰਘਰਸ਼ਾਂ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਗਿਆ।
ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੇ ਚੇਅਰਮੈਨ ਸਾਥੀ ਕੇ. ਗੰਗਾਧਰਨ ਅਤੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਦੇਸ਼ ਪੱਧਰ 'ਤੇ ਮੋਦੀ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅਤੇ ਫਿਰਕੂ ਫਾਸ਼ੀ ਅੰਜੰਡੇ ਵਿਰੁੱਧ ਲੋਕ ਸੰਗਰਾਮਾਂ ਦੀ ਉਸਾਰੀ ਦਾ ਐਲਾਨ ਕੀਤਾ। ਇਸ ਵਡੇਰੇ ਕਾਜ ਦੀ ਪੂਰਤੀ ਲਈ ਆਗੂਆਂ ਨੇ ਖੱਬੀ, ਸੰਗਰਾਮੀ, ਅਗਾਂਹਵਧੂ ਧਿਰਾਂ ਦੇ ਸਾਂਝੇ ਮੰਚ ਅਤੇ ਸੰਗਰਾਮੀ ਸਰਗਰਮੀ ਬਾਬਤ ਪਹਿਲ ਕਰਨ ਦਾ ਵੀ ਐਲਾਨ ਕੀਤਾ। ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰਾਂ ਸਾਥੀ ਮਹੀਪਾਲ ਅਤੇ ਪ੍ਰੋਫੈਸਰ ਜੈਪਾਲ ਨੇ ਵੀ ਆਪਣੇ ਵਿਚਾਰ ਰੱਖੇ।
ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਬੰਤ ਬਰਾੜ ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਈਟਿਡ) ਦੀ ਪੋਲਿਟ ਬਿਊਰੋ ਦੇ ਮੈਂਬਰ ਸਾਥੀ ਕਿਰਨਜੀਤ ਸੇਖੋਂ ਨੇ ਕਨਵੈਨਸ਼ਨ ਦੇ ਸਮੁੱਚੇ ਫੈਸਲਿਆਂ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਨ ਦਾ ਭਰੋਸਾ ਦਿਵਾਇਆ। ਕਨਵੈਨਸ਼ਨ ਦੀ ਕਾਰਵਾਈ ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਪਰਗਟ ਸਿੰਘ ਜਾਮਾਰਾਏ ਵਲੋਂ ਚਲਾਈ ਗਈ।
ਇਕ ਮਤਾ ਪਾਸ ਕਰਕੇ ਕਨਵੈਨਸ਼ਨ ਨੇ ਮੰਗ ਕੀਤੀ ਕਿ ਜੱਲਿਆਂਵਾਲਾ ਬਾਗ ਦੇ ਮੂਲ ਸਰੂਪ ਨਾਲ ਛੇੜਛਾੜ ਕਰਨੀ ਬੰਦ ਕੀਤੀ ਜਾਵੇ। ਕਿਉਂਕਿ ਇਹ ਮੂਲ ਸਰੂਪ ਅੰਗਰੇਜ਼ੀ ਸਾਮਰਾਜ ਦੇ ਜਬਰ ਘਿਣਾਉਣੇ ਰੂਪ ਨੂੰ ਨੰਗਾ ਕਰਦੇ ਹੋਏ, ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਦਾ ਸੰਚਾਰ ਕਰਦਾ ਹੈ।

No comments:

Post a Comment