Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday 24 April 2017

ਸਾਥੀ ਬਖਤੌਰ ਸਿੰਘ ਦੂਲੋਵਾਲ ਨਹੀਂ ਰਹੇ

ਬਠਿੰਡਾ/ਮਾਨਸਾ , 24 ਅਪ੍ਰੈਲ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਦੇ ਮੈਂਬਰ, ਬਜ਼ੁਰਗ ਕਮਿਊਨਿਸਟ ਆਗੂ ਸਾਥੀ ਬਖਤੌਰ ਸਿੰਘ ਦੂਲੋਵਾਲ ਅੱਜ ਸਦੀਵੀਂ ਵਿਛੋੜਾ ਦੇ ਗਏ।
ਸਾਥੀ ਬਖਤੌਰ ਸਿੰਘ ਦੂਲੋਵਾਲ ਅਣਵੰਡੀ ਕਮਿਊਨਿਸਟ ਪਾਰਟੀ ਦੇ ਮੈਂਬਰ ਸਨ ਅਤੇ ਉਨ੍ਹਾਂ ਆਪਣੇ ਮਿਸਾਲੀ ਜੀਵਨ ਦਾ ਛੇ ਦਹਾਕਿਆਂ ਤੋਂ ਵਧੇਰੇ ਸਮਾਂ ਦੱਬੇ-ਕੁਚਲਿਆਂ ਦੀ ਬੰਦ ਖਲਾਸੀ ਦੀ ਜਾਮਨ ਕਮਿਊਨਿਸਟ ਲਹਿਰ ਦੇ ਲੇਖੇ ਲਾਇਆ। ਆਪ 1964 'ਚ ਕਾਇਮ ਹੋਈ ਸੀ.ਪੀ.ਆਈ.(ਐਮ) ਦੇ ਜ਼ਿਲ੍ਹੇ ਅੰਦਰ ਸਿਰਕੱਢ ਉਸਰੱਈਆ 'ਚੋਂ ਇਕ ਸਨ। ਮਾਰਕਸਵਾਦ-ਲੈਨਿਨਵਾਦ ਦੀਆਂ ਬੁਨਿਆਦੀ ਸਥਾਪਨਾਵਾਂ ਨਾਲ ਅਡੋਲ ਖੜੋਂਦਿਆਂ ਆਪ ਨੇ ਪਹਿਲਾਂ ਸੀ.ਪੀ.ਐਮ.ਪੰਜਾਬ ਅਤੇ ਪਿਛੋਂ ਆਰ.ਐਮ.ਪੀ.ਆਈ. ਦੀ ਕਾਇਮੀ 'ਚ ਮਹੱਤਵਪੂਰਨ ਯੋਗਦਾਨ ਪਾਇਆ। ਆਪ ਲੰਮਾ ਸਮਾਂ ਪੰਜਾਬ ਕਿਸਾਨ ਸਭਾ ਦੀ ਬਠਿੰਡਾ-ਮਾਨਸਾ ਜਿਲ੍ਹਾ ਇਕਾਈ ਦੇ ਪ੍ਰਧਾਨ ਰਹੇ। ਅਨੇਕਾਂ ਲੋਕ ਸੰਗਰਾਮਾਂ 'ਚ ਜੇਲ੍ਹਾਂ ਕੱਟਣ ਅਤੇ ਹੋਰ ਬੇਮਿਸਾਲ ਕੁਰਬਾਨੀਆਂ ਕਰਨ ਵਾਲੇ ਸਾਥੀ ਬਖਤੌਰ ਸਿੰਘ ਨੇ ਪੰਜਵੇਂ ਦਹਾਕੇ 'ਚ ਰਣਬੀਰ ਕਾਲਜ ਸੰਗਰੂਰ ਤੋਂ ਐਫ ਏ. ਦੀ ਤਾਲੀਮ ਹਾਸਲ ਕੀਤੀ।
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪਾਰਟੀ ਦੇ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਮੈਂਬਰ ਸਾਥੀ ਮਹੀਪਾਲ, ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ, ਜਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਨੇ ਉਨ੍ਹਾਂ ਦੇ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਅਹਿਦ ਦ੍ਰਿੜਾਇਆ।
ਅੱਜ ਉਨ੍ਹਾਂ ਦੇ ਜੱਦੀ ਪਿੰਡ ਦੂਲੋਵਾਲ ਵਿਖੇ ਹੋਏ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਸੀ.ਪੀ.ਆਈ., ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ, ਸੀ.ਪੀ.ਆਈ. (ਐਮ) ਦੇ ਸਿਰਮੌਰ ਆਗੂਆਂ ਤੋਂ ਇਲਾਵਾ ਅਨੇਕਾਂ ਜਨਸੰਗਠਨਾਂ ਦੇ ਆਗੂ ਵੀ ਸ਼ਾਮਲ ਹੋਏ।
ਇਕ ਵੱਖਰੇ ਬਿਆਨ ਰਾਹੀਂ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਤੇ ਜਨਰਲ ਸਕੱਤਰ ਸਾਥੀ ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਤੇ ਸਕੱਤਰ ਸਾਥੀ ਦਰਸ਼ਨ ਨਾਹਰ ਤੇ ਗੁਰਨਾਮ ਸਿੰਘ ਦਾਊਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ-ਸਕੱਤਰ ਜਸਵਿੰਦਰ ਢੇਸੀ ਤੇ ਮਨਦੀਪ ਰਤੀਆ, ਜਨਵਾਦੀ ਇਸਤਰੀ ਸਭਾ ਦੀ ਪ੍ਰਧਾਨ-ਸਕੱਤਰ ਬੀਬੀ ਦਰਸ਼ਨ ਕੌਰ 'ਤੇ ਨੀਲਮ ਘੁਮਾਣ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਤੇ ਅਜੈ ਫਿਲੌਰ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸਕੱਤਰ ਰਤਨ ਸਿੰਘ ਰੰਧਾਵਾ, ਮੰਡ ਬੇਟ ਆਬਾਦਕਾਰ ਸੰਘਰਸ਼ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਤੇ ਹੋਰਨਾਂ ਨੇ ਉਨ੍ਹਾਂ ਦੇ ਦਿਹਾਂਤ ਨੂੰ ਜਮਹੂਰੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।

(ਮਹੀਪਾਲ)
ਸੂਬਾ ਸਕੱਤਰੇਤ
ਮੈਂਬਰ

No comments:

Post a Comment