Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 12 April 2017

ਫਿਰਕੂ ਅਤੇ ਜਮਹੂਰੀਅਤ ਵਿਰੋਧੀ ਤਾਕਤਾਂ ਦਾ ਮੁਕਾਬਲੇ ਕਿਵੇਂ ਹੋਵੇ?

Ajit Jalandhar, 12.04.2017


ਬਿਨਾਂ ਸ਼ੱਕ ਭਾਰਤ ਅੰਦਰ ਫ਼ਿਰਕੂ ਫਾਸ਼ੀਵਾਦੀ ਸ਼ਕਤੀਆਂ ਸੱਤਾ 'ਤੇ ਕਾਬਜ਼ ਹੋ ਗਈਆਂ ਹਨ। ਆਰ.ਐਸ.ਐਸ. ਦੇ ਆਗੂ, ਜੋ ਕਦੀ ਆਮ ਲੋਕਾਂ ਤੋਂ ਆਪਣੇ ਰਾਜਨੀਤਕ ਨਿਸ਼ਾਨੇ ਛੁਪਾਉਣ ਦਾ ਯਤਨ ਕਰਦੇ ਸਨ, ਅੱਜ ਖੁੱਲ੍ਹਮ-ਖੁੱਲ੍ਹੇ ਦੇਸ਼ ਨੂੰ ਇਕ ਧਰਮ ਆਧਾਰਿਤ ਦੇਸ਼ (ਹਿੰਦੂ ਰਾਸ਼ਟਰ) ਬਣਾਉਣ ਦਾ ਐਲਾਨ ਕਰ ਰਹੇ ਹਨ। ਇਸ ਮਕਸਦ ਨੂੰ ਹਾਸਲ ਕਰਨ ਲਈ ਸੰਘ ਦੇ ਆਗੂ ਮੋਦੀ ਦੀ ਕੇਂਦਰੀ ਵਜ਼ਾਰਤ ਨਾਲ ਮਹੱਤਵਪੂਰਨ ਅਤੇ ਗੁਪਤ ਮੁੱਦਿਆਂ ਬਾਰੇ ਮੀਟਿੰਗਾਂ ਕਰਦੇ ਹਨ ਅਤੇ ਆਪਣੀ ਇੱਛਾ ਮੁਤਾਬਿਕ ਰਾਜਨੀਤਕ ਤੇ ਪ੍ਰਸ਼ਾਸਨਿਕ ਫ਼ੈਸਲੇ ਕਰਵਾਉਂਦੇ ਹਨ। ਦੇਸ਼ ਦੇ ਇਤਿਹਾਸ ਤੇ ਵਿੱਦਿਅਕ ਸਿਲੇਬਸਾਂ ਨੂੰ ਆਪਣੀ ਵਿਚਾਰਧਾਰਾ ਦੀ ਸੇਧ ਵਿਚ ਪ੍ਰੋਣ ਲਈ ਸੰਘ ਨਾਲ ਜੁੜੇ ਵਿਅਕਤੀ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਕਮਿਸ਼ਨਾਂ ਤੇ ਕਮੇਟੀਆਂ ਦੇ ਮੁਖੀ ਤੇ ਮੈਂਬਰ ਥਾਪੇ ਜਾ ਰਹੇ ਹਨ। ਘੱਟ-ਗਿਣਤੀ ਧਾਰਮਿਕ ਤੇ ਸੱਭਿਆਚਾਰਕ ਫ਼ਿਰਕਿਆਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਆਮ ਲੋਕਾਂ ਦੇ ਮੁੱਖ ਮੁੱਦਿਆਂ ਸਿਹਤ, ਸਿੱਖਿਆ ਅਤੇ ਰੁਜ਼ਗਾਰ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਅਵਸਥਾ ਤੋਂ ਜਮਹੂਰੀ, ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਲੋਕ ਡਾਢੇ ਚਿੰਤਤ ਹਨ। ਉਹ ਹਰ ਹੀਲੇ ਜਲਦੀ ਤੋਂ ਜਲਦੀ ਇਸ ਪ੍ਰਸਥਿਤੀ ਤੋਂ ਛੁਟਕਾਰਾ ਲੋਚਦੇ ਹਨ।
ਪ੍ਰੰਤੂ ਇਹ ਵੀ ਇਕ ਦੁਖਾਂਤ ਹੀ ਹੈ ਕਿ ਭਾਜਪਾ ਦੇ ਵਿਰੋਧ ਵਿਚ ਖੜ੍ਹੀ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀ ਤਰਜ਼ਮਾਨੀ ਕਰਦੀ ਮੁੱਖ ਰਾਜਨੀਤਕ ਪਾਰਟੀ ਕਾਂਗਰਸ, ਜਿਸ ਦੀਆਂ ਲੋਕ ਮਾਰੂ ਨੀਤੀਆਂ, ਭ੍ਰਿਸ਼ਟਾਚਾਰ ਤੇ ਕੁਸ਼ਾਸਨ ਸਦਕਾ ਫ਼ਿਰਕੂ ਭਾਜਪਾ ਦੇਸ਼ ਦੀ ਸੱਤਾ ਹਥਿਆਉਣ ਵਿਚ ਸਫਲ ਹੋਈ ਹੈ, ਅੱਜ ਵੀ ਉਨ੍ਹਾਂ ਹੀ ਆਰਥਿਕ ਨੀਤੀਆਂ ਦੀ ਅਲੰਬਰਦਾਰ ਹੈ ਤੇ ਹਿੱਕ ਥਾਪੜ ਕੇ ਇਨ੍ਹਾਂ ਦੀ ਹਮਾਇਤੀ ਹੋਣ ਦਾ ਐਲਾਨ ਕਰ ਰਹੀ ਹੈ। ਇਹ ਪਾਰਟੀ, ਭਾਵੇਂ ਭਾਜਪਾ ਵਰਗੀ ਫ਼ਿਰਕੂ ਸੋਚ ਵਾਲੀ ਪੂਰਨ ਰੂਪ ਵਿਚ ਉਸੇ ਤਰ੍ਹਾਂ ਦੀ ਰਾਜਨੀਤਕ ਪਾਰਟੀ ਨਹੀਂ ਹੈ, ਪ੍ਰੰਤੂ ਆਪਣੇ ਤੰਗ ਰਾਜਸੀ ਹਿਤਾਂ ਦੀ ਪੂਰਤੀ ਤੇ ਰਾਜ ਗੱਦੀ ਨਾਲ ਚੰਬੜੇ ਰਹਿਣ ਦੀ ਲਾਲਸਾ ਸਦਕਾ ਇਸ ਪਾਰਟੀ ਵੱਲੋਂ ਅੱਤ ਦੇ ਨਾਜ਼ੁਕ ਸਮਿਆਂ ਉੱਪਰ ਫ਼ਿਰਕਾਪ੍ਰਸਤੀ ਨਾਲ ਕੀਤੇ ਮੌਕਾਪ੍ਰਸਤ ਸਮਝੌਤਿਆਂ ਤੇ ਬੇਅਸੂਲੇ ਰਾਜਸੀ ਪੈਂਤੜਿਆਂ ਨਾਲ ਇਸ ਦੀ ਫ਼ਿਰਕਾਪ੍ਰਸਤੀ ਵਿਰੋਧੀ ਵਿਚਾਰਧਾਰਕ ਪ੍ਰਤੀਬੱਧਤਾ ਬਾਰੇ ਹਮੇਸ਼ਾ ਹੀ ਸ਼ੰਕੇ ਬਣੇ ਰਹਿੰਦੇ ਹਨ। ਸੰਘ ਤੇ ਭਾਜਪਾ ਵਿਰੋਧੀ ਕਈ ਰਾਜਸੀ ਦਲ ਤੇ ਆਗੂ ਮੌਜੂਦਾ ਆਰਥਿਕ ਨੀਤੀਆਂ ਦੇ ਮੁਕਾਬਲੇ ਕੋਈ ਯੋਗ ਲੋਕ ਪੱਖੀ ਨੀਤੀਗਤ ਬਦਲ ਕਾਇਮ ਕੀਤੇ ਬਿਨਾਂ ਭਾਜਪਾ ਨੂੰ ਗੱਦੀ ਤੋਂ ਉਤਾਰਨ ਲਈ ਸਾਰੀਆਂ ਗ਼ੈਰ-ਭਾਜਪਾ ਰਾਜਨੀਤਕ ਪਾਰਟੀਆਂ ਦੀ ਏਕਤਾ ਦਾ ਨਾਅਰਾ ਦਿੰਦੇ ਹਨ। ਜਿਵੇਂ 1977 ਵਿਚ ਕਾਂਗਰਸ ਸਰਕਾਰ ਵੱਲੋਂ ਲਗਾਈ ਐਮਰਜੈਂਸੀ ਦੇ ਵਿਰੋਧ ਵਿਚ ਸਾਰੇ ਰਾਜਸੀ ਦਲ ਜਨਤਾ ਪਾਰਟੀ ਦੇ ਰੂਪ ਵਿਚ ਇਕਜੁੱਟ ਹੋ ਗਏ ਸਨ। ਬਿਨਾਂ ਕਿਸੇ ਠੋਸ ਅਗਾਂਹਵਧੂ ਪ੍ਰੋਗਰਾਮ ਅਤੇ ਅਮਲ ਦੇ ਜਨਤਾ ਪਾਰਟੀ ਦਾ ਕਾਰਜਕਾਲ ਚੰਦ ਮਹੀਨਿਆਂ ਦਾ ਮਹਿਮਾਨ ਬਣ ਕੇ ਰਹਿ ਗਿਆ ਸੀ ਤੇ ਕਾਂਗਰਸ ਪਾਰਟੀ ਮੁੜ ਸੱਤਾ 'ਤੇ ਕਾਬਜ਼ ਹੋ ਗਈ ਸੀ। ਖੱਬੇ ਪੱਖੀਆਂ ਦੇ ਮੁਕਾਬਲੇ ਵਿਚਾਰਧਾਰਕ ਪੱਖ ਤੋਂ ਉਸ ਤਜਰਬੇ ਦਾ ਜ਼ਿਆਦਾ ਲਾਭ ਸੱਜ ਪਿਛਾਖੜ ਨੂੰ ਹੋਇਆ, ਜੋ ਖੱਬੇ ਪੱਖੀ ਇਸ ਸਮੇਂ (ਸੀ.ਪੀ.ਆਈ. ਤੋਂ ਬਿਨਾਂ ਜੋ ਕਾਂਗਰਸ ਦੀ ਭਾਈਵਾਲ ਸੀ) ਜਨਤਾ ਪਾਰਟੀ ਦੇ ਸਹਿਯੋਗੀ ਸਨ।
ਅੱਜ ਫਿਰ ਜਦੋਂ ਫ਼ਿਰਕੂ ਭਾਜਪਾ ਦੇਸ਼ ਦੀ ਸੱਤਾ 'ਤੇ ਕਾਬਜ਼ ਹੈ, ਕਮਿਊਨਿਸਟ ਧਿਰਾਂ ਖ਼ਾਸ ਕਰ ਸੀ.ਪੀ.ਆਈ. ਤੇ ਸੀ.ਪੀ.ਆਈ.(ਐਮ) ਦਾ ਇਕ ਹਿੱਸਾ ਕਾਂਗਰਸ ਸਮੇਤ ਸਮੁੱਚੇ ਗ਼ੈਰ-ਭਾਜਪਾ ਰਾਜਸੀ ਗਠਜੋੜ ਵਿਚ ਸ਼ਾਮਿਲ ਹੋ ਕੇ ਭਾਜਪਾ ਰੂਪੀ ਫ਼ਿਰਕੂ ਰਾਜ ਦਾ ਖਾਤਮਾ ਕਰਨ ਦੀਆਂ ਦਲੀਲਾਂ ਦੇ ਰਿਹਾ ਹੈ। ਇਸ ਮੰਤਵ ਲਈ ਹਿਟਲਰ ਦੇ ਫਾਸ਼ੀਵਾਦ ਦਾ ਮੁਕਾਬਲਾ ਕਰਨ ਲਈ ਦੁਨੀਆ ਦੇ ਮਹਾਨ ਕਮਿਊਨਿਸਟ ਆਗੂ ਸਾਥੀ ਦਮਿਤਰੋਵ ਦੇ ਸਾਂਝੇ ਮੋਰਚੇ ਦੇ ਥੀਸਸ ਨੂੰ ਵਿਗਾੜ ਕੇ ਉਸ ਦਾ ਸਹਾਰਾ ਲਿਆ ਜਾ ਰਿਹਾ ਹੈ। ਕਿਸੇ ਵੀ ਰਾਜਨੀਤਕ ਪੈਂਤੜੇ ਨੂੰ ਸਮੇਂ, ਸਥਾਨ ਤੇ ਠੋਸ ਪ੍ਰਸਥਿਤੀਆਂ ਦਾ ਨਿਰੀਖਣ ਕੀਤੇ ਬਿਨਾਂ ਮਕਾਨਕੀ ਢੰਗ ਨਾਲ ਲਾਗੂ ਕਰਨਾ ਖੱਬੀ ਮਾਅਰਕੇਬਾਜ਼ੀ ਤੇ ਸੱਜੇ ਸੋਧਵਾਦੀ ਕੁਰਾਹੇ ਨੂੰ ਜਨਮ ਦਿੰਦਾ ਹੈ। ਕਮਿਊਨਿਸਟ ਲਹਿਰ ਦੇ ਵਡੇਰੇ ਹਿਤਾਂ ਨੂੰ ਸਾਹਮਣੇ ਰੱਖਦੇ ਹੋਏ ਇਸ ਭਟਕਾਅ ਤੋਂ ਹਰ ਕੀਮਤ 'ਤੇ ਬਚਿਆ ਜਾਣਾ ਚਾਹੀਦਾ ਹੈ।
ਕੀ ਕਮਿਊਨਿਸਟਾਂ ਦੀ ਕਾਂਗਰਸ ਤੇ ਦੂਸਰੇ ਗ਼ੈਰ-ਭਾਜਪਾ ਰਾਜਸੀ ਦਲਾਂ ਨਾਲ, ਜੋ ਆਰਥਿਕ ਨੀਤੀਆਂ ਤੇ ਅਮਲਾਂ ਦੇ ਪੱਖ ਤੋਂ ਭਾਜਪਾ ਵਰਗੇ ਹੀ ਹੋਣ ਤੇ ਸਾਮਰਾਜ ਭਗਤੀ ਨਾਲ ਗਹਿਗੱਚ ਹੋਣ, ਪਾਈ ਰਾਜਸੀ ਸਾਂਝ ਥੋੜ੍ਹੇ ਤੇ ਲੰਮੇ ਸਮੇਂ ਲਈ ਲੋੜੀਂਦੇ ਸਾਰਥਿਕ ਸਿੱਟੇ ਕੱਢ ਸਕਦੀ ਹੈ? ਖ਼ਾਸਕਰ ਉਸ ਸਮੇਂ ਜਦੋਂ ਕਿ ਸਰਮਾਏਦਾਰ ਹਾਕਮ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਨਾਲ ਰਾਜਸੀ ਮੇਲ-ਮਿਲਾਪ ਕਰਨ ਤੇ ਜਮਾਤੀ ਮਿਲਵਰਤੋਂ ਦੇ ਸੋਧਵਾਦੀ ਦਾਅਪੇਚਾਂ ਕਾਰਨ ਖੱਬਾ ਪੱਖ ਪਹਿਲਾਂ ਹੀ ਹਾਸ਼ੀਏ ਉੱਪਰ ਪੁੱਜਿਆ ਹੋਇਆ ਹੋਵੇ। ਖੱਬੇ ਪੱਖੀ ਤੇ ਕਮਿਊਨਿਸਟ ਧਿਰਾਂ ਦਾ ਜਨ ਆਧਾਰ ਜਮਾਤੀ ਘੋਲਾਂ ਨੂੰ ਤਿੱਖਿਆਂ ਕਰਨ ਨਾਲ ਹੀ ਵਧਣਾ ਹੈ। ਜਮਾਤੀ ਘੋਲਾਂ ਦਾ ਆਰਥਿਕ, ਰਾਜਨੀਤਕ ਤੇ ਵਿਚਾਰਧਾਰਕ ਘੋਲ ਅਟੁੱਟ ਤੇ ਨਿਰੰਤਰ ਅੰਗ ਹਨ। ਇਹ ਘੋਲ ਲਾਜ਼ਮੀ ਤੌਰ 'ਤੇ ਭਾਜਪਾ ਦੇ ਨਾਲ-ਨਾਲ ਕਾਂਗਰਸ ਤੇ ਦੂਸਰੇ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਦਲਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਵੀ ਆਰੰਭਣੇ ਹੋਣਗੇ। ਜਦੋਂ ਵਾਰ-ਵਾਰ ਕੋਈ ਕਮਿਊਨਿਸਟ ਧਿਰ ਜਾਂ ਖੱਬੇ ਪੱਖੀ ਆਗੂ ਭਾਜਪਾ ਨੂੰ ਹਰਾਉਣ ਲਈ ਕਮਿਊਨਿਸਟ ਪਾਰਟੀਆਂ ਤੇ ਕਾਂਗਰਸ ਸਮੇਤ ਸਾਰੀਆਂ ਗ਼ੈਰ-ਭਾਜਪਾ ਰਾਜਨੀਤਕ ਪਾਰਟੀਆਂ ਨਾਲ ਮਿਲ ਕੇ ਸਾਂਝਾ ਮੋਰਚਾ ਉਸਾਰਨ ਦਾ ਪੈਂਤੜਾ ਲੈਣਗੇ, ਕੁਦਰਤੀ ਤੌਰ 'ਤੇ ਖੱਬੇ ਪੱਖੀ ਕਾਡਰ ਤੇ ਸਮੁੱਚੇ ਕਿਰਤੀ ਲੋਕ ਕਮਿਊਨਿਸਟਾਂ ਦੇ ਜਨਤਕ ਘੋਲਾਂ ਲਈ ਦਿੱਤੇ ਸੱਦਿਆਂ ਉੱਪਰ ਨਾ ਤਾਂ ਜਿੰਦਜਾਨ ਨਾਲ ਅਮਲ ਕਰਨਗੇ ਤੇ ਨਾ ਹੀ ਖੱਬੇ ਪੱਖੀ ਦਲਾਂ ਦੀ ਜਨਸਮੂਹਾਂ ਵਿਚ ਭਰੋਸੇਯੋਗਤਾ ਕਾਇਮ ਕੀਤੀ ਜਾ ਸਕੇਗੀ। ਕੀ ਪੰਜਾਬ ਅੰਦਰ ਹੁਣੇ ਕਾਇਮ ਹੋਈ ਕਾਂਗਰਸ ਸਰਕਾਰ ਦੀਆਂ ਸੰਭਾਵਿਤ ਅਸਫਲਤਾਵਾਂ ਤੇ ਚੋਣ ਵਾਅਦਿਆਂ ਤੋਂ ਮੁਕਰਨ ਲਈ ਦਿੱਤੀਆਂ ਜਾ ਰਹੀਆਂ ਝੂਠੀਆਂ ਦਲੀਲਾਂ ਵਿਰੁੱਧ ਖੱਬੀਆਂ ਧਿਰਾਂ ਜਨਤਕ ਘੋਲ ਵਿੱਢਣ ਤੋਂ ਬਿਨਾਂ ਅਕਾਲੀ ਦਲ ਤੇ ਭਾਜਪਾ ਨੂੰ ਮੁੜ ਪੰਜਾਬ ਦੀ ਸੱਤਾ ਉੱਪਰ ਕਾਬਜ਼ ਹੋਣ ਤੋਂ ਰੋਕਣ ਵਿਚ ਕਾਮਯਾਬ ਹੋ ਸਕਦੀਆਂ ਹਨ? ਕਦਾਚਿੱਤ ਨਹੀਂ। ਸਰਮਾਏਦਾਰ ਪਾਰਟੀਆਂ ਅਤੇ ਕਮਜ਼ੋਰ ਖੱਬੀਆਂ ਧਿਰਾਂ ਦੀ ਸਾਂਝ ਨਾਲ ਇਸ ਦੇ ਆਗੂ ਤੇ ਕਾਰਕੁੰਨਾਂ ਦਾ ਕਮਿਊਨਿਸਟ ਮਿਆਰਾਂ ਤੋਂ ਹੇਠਾਂ ਡਿੱਗ ਕੇ ਦੂਸਰੀਆਂ ਪਾਰਟੀਆਂ ਵਾਂਗ ਭ੍ਰਿਸ਼ਟ, ਫੋਕੇ ਚੌਧਰਵਾਦੀ ਤੇ ਆਪਹੁਦਰੇ ਬਣ ਜਾਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
ਇਸ ਤਰ੍ਹਾਂ ਦੀ ਸੁਧਾਰਵਾਦੀ ਤੇ ਮੌਕਾਪ੍ਰਸਤ ਪਹੁੰਚ ਨਾਲ ਕਮਿਊਨਿਸਟਾਂ ਦਾ ਨਵੇਂ ਖੇਤਰਾਂ ਵਿਚ ਨਾ ਪਸਾਰਾ ਹੋ ਸਕੇਗਾ ਤੇ ਨਾ ਹੀ ਖੁਸਿਆ ਜਨ ਆਧਾਰ ਮੁੜ ਵਾਪਸ ਆ ਸਕੇਗਾ। ਫ਼ਿਰਕੂ ਫਾਸ਼ੀਵਾਦੀ ਤਾਕਤਾਂ ਦੇ ਵਿਰੋਧ ਵਿਚ ਸਭ ਤੋਂ ਭਰੋਸੇਯੋਗ ਤੇ ਮਜ਼ਬੂਤ ਧਿਰ, ਮਿਹਨਤਕਸ਼ ਲੋਕ ਹੁੰਦੇ ਹਨ। ਜੇਕਰ ਇਹ ਖੱਬੇ ਪੱਖੀਆਂ ਦੀ ਸ਼ਕਤੀ ਦਾ ਮੁੱਖ ਸਰੋਤ ਤੇ ਆਧਾਰ ਨਹੀਂ ਬਣਦੇ ਤਾਂ ਸਰਮਾਏਦਾਰੀ ਜਮਾਤ ਦੇ ਇਕ ਹਿੱਸੇ ਦੀ ਰਾਜਸੀ ਧਿਰ ਨਾਲ ਸਾਂਝ ਪਾ ਕੇ ਫ਼ਿਰਕੂ ਫਾਸ਼ੀਵਾਦ ਵਿਰੁੱਧ ਕਮਿਊਨਿਸਟਾਂ ਦੇ ਵਿਚਾਰਧਾਰਕ ਸੰਘਰਸ਼ਾਂ ਰਾਹੀਂ ਜਿੱਤ ਹਾਸਲ ਕਰਨ ਦਾ ਦਾਅਵਾ ਹਾਸੋਹੀਣਾ ਵੀ ਹੈ ਤੇ ਗ਼ੈਰ-ਯਥਾਰਥਕ ਵੀ। ਦੁਸ਼ਮਣ ਜਮਾਤ ਤੇ ਇਸ ਦੀ ਨੁਮਾਇੰਦਗੀ ਕਰਦੀਆਂ ਵੱਖ-ਵੱਖ ਰਾਜਸੀ ਧਿਰਾਂ ਦੀਆਂ ਨੀਤੀਆਂ ਵਿਰੁੱਧ ਨਫ਼ਰਤ ਤੇ ਗੁੱਸਾ ਪੈਦਾ ਕੀਤੇ ਬਿਨਾਂ ਕਾਡਰ ਵੀ ਕਦੀ ਆਪਾਵਾਰੂ ਨਹੀਂ ਬਣ ਸਕਦਾ ਤੇ ਨਾ ਹੀ ਆਮ ਲੋਕਾਂ ਅੰਦਰ ਲੋਕ ਵਿਰੋਧੀ ਜਮਾਤਾਂ ਵਿਰੁੱਧ ਲੜਨ ਦੀ ਚੇਸ਼ਟਾ ਪੈਦਾ ਕੀਤੀ ਜਾ ਸਕਦੀ ਹੈ। ਜੇਕਰ ਗ਼ੈਰ-ਪਾਰਲੀਮਾਨੀ ਘੋਲਾਂ ਅੰਦਰ ਤੇ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਦਰੁਸਤ ਦਿਸ਼ਾ ਵਿਚ ਸੰਘਰਸ਼ ਕਰਦੇ ਹੋਏ ਕਮਿਊਨਿਸਟਾਂ ਨਾਲ ਕੋਈ ਰਾਜਨੀਤਕ ਧਿਰ (ਸਰਮਾਏਦਾਰੀ ਜਮਾਤ ਦੀ ਹੀ ਸਹੀ) ਘੋਲਾਂ ਦੇ ਮੈਦਾਨ ਵਿਚ ਸਾਥ ਦਿੰਦੀ ਹੈ, ਤਦ ਇਸ ਨੂੰ ਕੋਈ ਵੀ ਬੁਰਾ ਨਹੀਂ ਕਹੇਗਾ।
ਅੱਗੋਂ ਕਿਸੇ ਚੋਣ ਅੰਦਰ ਇਹੀ ਗ਼ੈਰ-ਕਮਿਊਨਿਸਟ ਧਿਰ ਸਾਂਝੇ ਪ੍ਰਵਾਨਤ ਪ੍ਰੋਗਰਾਮ ਦੇ ਆਧਾਰ 'ਤੇ ਕਮਿਊਨਿਸਟਾਂ ਨਾਲ ਕੋਈ ਸੰਪਰਕ ਬਣਾਉਂਦੀ ਹੈ, ਤਦ ਕਮਿਊਨਿਸਟਾਂ ਤੇ ਗ਼ੈਰ-ਕਮਿਊਨਿਸਟਾਂ ਦੀ ਚੋਣਵੇਂ ਮੁੱਦਿਆਂ ਉੱਪਰ ਸੀਮਤ ਸਾਂਝ (ਮੂਲ ਰੂਪ ਵਿਚ ਵਿਰੋਧਤਾ ਕਾਇਮ ਰੱਖਦਿਆਂ ਹੋਇਆਂ) ਦਾ ਜਨ ਸਾਧਾਰਨ, ਜਿਨ੍ਹਾਂ ਨੇ ਦੋਵਾਂ ਧਿਰਾਂ ਨੂੰ ਸੰਘਰਸ਼ ਦੇ ਮੈਦਾਨ ਵਿਚ ਲੜਦਿਆਂ ਤੱਕਿਆ ਹੈ, ਇਸ ਦਾ ਸਵਾਗਤ ਕਰਨਗੇ। ਇਸ ਦਾ ਯੁੱਧਨੀਤਕ ਨਿਸ਼ਾਨੇ ਦੀ ਪ੍ਰਾਪਤੀ ਲਈ ਲਾਭ ਵੀ ਅਵੱਸ਼ ਮਿਲੇਗਾ। ਪ੍ਰੰਤੂ ਕਮਿਊਨਿਸਟ ਲੁਟੇਰੀਆਂ ਜਮਾਤਾਂ ਵਿਰੁੱਧ ਜੇਕਰ ਕੋਈ ਗੰਭੀਰ, ਨਿਰੰਤਰ ਤੇ ਲਕੀਰ ਖਿੱਚ ਕੇ ਹਕੀਕੀ ਘੋਲ ਨਹੀਂ ਵਿੱਢਦੇ ਤੇ ਉਲਟਾ ਸਿਰਫ ਚੋਣਾਂ ਅੰਦਰ ਉਸ ਨਾਲ ਸਾਂਝ ਬਣਾ ਕੇ ਫਾਸ਼ੀਵਾਦ ਦਾ ਟਾਕਰਾ ਕਰਨ ਦੀਆਂ ਦਲੀਲਾਂ ਦਿੰਦੇ ਹਨ, ਤਦ ਸਿੱਟਾ ਕਦੀ ਵੀ ਹਾਂ-ਪੱਖੀ ਨਹੀਂ ਨਿਕਲ ਸਕਦਾ। ਇਸ ਦੇ ਉਲਟ ਲੋਕਾਂ ਅੰਦਰ ਕਮਿਊਨਿਸਟਾਂ ਦੀ ਰਹਿੰਦੀ ਖੂੰਹਦੀ ਸਾਖ ਵੀ ਖ਼ਤਮ ਹੋ ਜਾਵੇਗੀ। ਇਸ ਤਰ੍ਹਾਂ ਕਮਜ਼ੋਰ ਹੋਈ ਖੱਬੀ ਲਹਿਰ ਨੂੰ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਸੌਖਿਆਂ ਹੀ ਦਬਾਉਣ ਵਿਚ ਸਫਲ ਹੋ ਸਕਦੀਆਂ ਹਨ।
ਅੰਤਿਮ ਰੂਪ ਵਿਚ ਇਸ ਸੱਚ ਉੱਪਰ ਪਹਿਰਾ ਦੇਣ ਦੀ ਲੋੜ ਹੈ ਕਿ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਜਿੱਤ ਜਨ ਸੰਘਰਸ਼ਾਂ ਰਾਹੀਂ ਖੱਬੀਆਂ ਧਿਰਾਂ ਦੀ ਵਧੀ ਹੋਈ ਤਾਕਤ ਹੀ ਕਰ ਸਕਦੀ ਹੈ ਤੇ ਇਸ ਵਧੀ ਹੋਈ ਤਾਕਤ ਪਿੱਛੇ ਕਈ ਹੋਰ ਥੋੜ੍ਹ ਚਿਰੇ ਡਾਵਾਂਡੋਲ ਰਾਜਸੀ ਤੱਤ ਵੀ ਜੁੜ ਸਕਦੇ ਹਨ। ਖੱਬੇ ਪੱਖੀਆਂ ਦੀ ਸਰਮਾਏਦਾਰੀ ਦੇ ਇਕ ਹਿੱਸੇ ਨਾਲ ਲੜਾਈ ਲੜਨ ਲਈ ਦੂਸਰੀ ਲੁਟੇਰੀ ਧਿਰ ਦੇ ਪਿੱਛਲੱਗੂ ਬਣਨ ਦੇ ਦਾਅਪੇਚ ਨਾਲ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਸਫਲਤਾ ਦਰਜ ਕਰਨੀ ਤਾਂ ਦੂਰ ਦੀ ਗੱਲ ਹੈ, ਇਸ ਪੈਂਤੜੇ ਨਾਲ ਕਮਿਊਨਿਸਟ ਲਹਿਰ ਦੇ ਖ਼ਾਤਮੇ ਤੇ ਸਰਮਾਏਦਾਰੀ ਪ੍ਰਬੰਧ ਦੀ ਮਜ਼ਬੂਤੀ ਦੇ ਸਿਵਾਏ ਹੋਰ ਕੋਈ ਸਿੱਟਾ ਨਿਕਲ ਹੀ ਨਹੀਂ ਸਕਦਾ।
-ਮੋ: 98141-82998

Thanks to AJIT

No comments:

Post a Comment