Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 23 April 2020

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਪਹਿਲੀ ਮਈ ਨੂੰ ਝੰਡੇ ਝੁਲਾਉਣ, ਨਆਰੇਬਾਜ਼ੀ ਅਤੇ ਰੋਸ ਪ੍ਰਦਰਸ਼ਨਾਂ ਦਾ ਸੱਦਾ

ਚੰਡੀਗੜ੍ਹ : 23 ਅਪਰੈਲ- ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਮਜ਼ਦੂਰਾਂ ਉੱਪਰ ਕੀਤੇ ਜਾ ਰਹੇ ਦਮਨਕਾਰੀ ਹਮਲਿਆਂ ਵਿਰੁਧ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮੌਕੇ ਆਪੋ-ਆਪਣੇ ਕੋਠਿਆਂ ਉਪਰ, ਦਫਤਰਾਂ ਉਪਰ, ਮਜ਼ਦੂਰ ਕੇਂਦਰਾਂ ਅਤੇ ਹੋਰ ਸੰਭਵ ਅਹਿਮ ਸਥਾਨਾਂ ਉਤੇ ਝੰਡੇ ਝੁਲਾਉਣ, ਜਿਥੇ ਸੰਭਵ ਹੋਵੇ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਮੀਟਿੰਗਾਂ ਕਰਨ, ਮੁਹੱਲਿਆਂ ’ਚ ਨਾਅਰੇ ਲਾਉਣ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿਤਾ।
    ਫਰੰਟ ਵਿਚ ਸ਼ਾਮਲ ਕਮਿਊਨਿਸਟ ਪਾਰਟੀਆਂ ਅਤੇ ਸਿਆਸੀ ਜਨਤਕ ਜਥੇਬੰਦੀਆਂ, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ)  ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਕੌਮੀ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀਪੀਆਈ (ਐਮਐਲ) ਨਿਊ ਡੈਮੋਕਰੇਸੀ ਦੇ ਸੂਬਾ ਸਕੱਤਰ ਸਾਥੀ  ਅਜਮੇਰ ਸਿੰਘ, ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤੂਪੁਰਾ, ਐਮਸੀਪੀਆਈ (ਯੂ) ਦੇ ਆਗੂ ਸਾਥੀ ਕਿਰਨਜੀਤ ਸੇਖੋਂ, ਇਨਕਲਾਬੀ ਕੇੱਦਰ ਪੰਜਾਬ ਦੇ ਸਾਥੀ ਨਰਾਇਣ ਦੱਤ, ਲੋਕ ਸੰਗਰਾਮ ਮੰਚ ਪੰਜਾਬ ਦੇ ਆਗੂ ਸਾਥੀ ਤਾਰਾ ਸਿੰਘ ਮੋਗਾ, ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਲਾਲ ਗੋਲੇਵਾਲਾ ਅਤੇ ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਦੇ ਕਨਵੀਨਰ ਸਾਥੀ ਨਰਿੰਦਰ ਨਿੰਦੀ ਨੇ ਕਿਹਾ ਕਿ ਹਾਲਤਾਂ ਦਾ ਫਾਇਦਾ ਲੈਂਦਿਆਂ ਸਰਕਾਰ ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਕ ਵਿਚ ਭੁਗਤਣ ਲਈ ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧਾ ਰਹੀ ਹੈ। ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਦਾ ਵਿਰੋਧ ਕਰਨ ਵਾਲਿਆਂ, ਵੱਖਰੀ ਰਾਇ ਰੱਖਣ ਵਾਲਿਆਂ ਸਿਆਸੀ ਕਾਰਕੁਨਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਗਿ੍ਰਫਤਾਰ ਕੀਤਾ ਜਾ ਰਿਹਾ ਹੈ। ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੇ ਖਿਲਾਫ ਨਫ਼ਰਤੀ ਪ੍ਰਚਾਰ ਕਰਕੇ ਉਹਨਾਂ ਨੂੰ  ਦੇਸ਼-ਧ੍ਰੋਹੀ ਹੋਣ ਦਾ ਅਕਸ ਬਣਾਇਆ ਜਾ ਰਿਹਾ ਹੈ। ਤਾਲਾਬੰਦੀ ਕਾਰਨ ਭੁੱਖੇ ਬੇਰੁਜ਼ਗਾਰ ਲੋਕ ਹਜ਼ਾਰਾਂ ਮੀਲਾਂ ਦੀ ਦੂਰੀ ਤੋਂ ਆਪਣਿਆਂ ਸੂਬਿਆਂ, ਪਿੰਡਾਂ ਵੱਲ ਨੂੰ ਜਾਣ ਲਈ ਤਰਸ ਰਹੇ ਹਨ ਅਤੇ ਕਈ ਇਹਨਾਂ ਮੁਸ਼ਕਲ ਹਾਲਤਾਂ ਵਿਚ ਪੈਦਲ ਹੀ ਚੱਲਣ ਕਾਰਨ ਸੂਬਿਆਂ ਦੀਆਂ ਹੱਦਾਂ ਉਪਰ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹਾ ਕਰਦਿਆਂ 50 ਤੋਂ ਵਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਕਈਆਂ ਨੇ ਨਿਰਾਸ਼ਤਾ ਵਿਚ ਆਤਮ-ਹੱਤਿਆ ਕਰ ਲਈ। ਸੰਘਣੀ ਆਬਾਦੀ ਵਾਲਿਆਂ ਇਲਾਕਿਆਂ ’ਚ ਉਹ ਸਰੀਰਕ ਦੂਰੀ ਦੀ ਪਾਲਣਾ ਕਰਨੋਂ ਵੀ ਅਸਮਰੱਥ ਹਨ।
    ਆਗੂਆਂ ਨੇ ਮੰਗ ਕੀਤੀ ਕਿ ਕੰਮ ਦੇ ਘੰਟੇ ਵਧਾਉਣ ਦੇ ਨਿਰਦੇਸ਼ ਵਾਪਸ ਲਏ ਜਾਣ, ਕਿਰਤ ਕਾਨੂੰਨਾਂ ਵਿਚ ਮਜ਼ਦੂਰ-ਵਿਰੋਧੀ ਜਾਰੀ ਆਰਡੀਨੈਂਸ ਵਾਪਸ ਲਿਆ ਜਾਵੇ, ਤਾਲਾਬੰਦੀ ਦੌਰਾਨ ਰੋਜ਼ ਕਮਾਉਣ, ਰੋਜ਼ ਖਾਣ ਵਾਲਿਆਂ ਦੇ ਖਾਤਿਆਂ ਵਿਚ ਘਟੋ-ਘੱਟ ਉਜਰਤ ਦੇ ਬਰਾਬਰ ਰਾਸ਼ੀ ਪਾਈ ਜਾਵੇ ਅਤੇ ਬਿਨਾਂ ਖਾਤਾਧਾਰਕਾਂ ਨੂੰ ਨਕਦ ਰਾਸ਼ੀ ਦੇਣ ਦਾ ਪ੍ਰਬੰਧ ਕੀਤਾ ਜਾਵੇ। ਸੀਏਏ, ਐਨਪੀਆਰ ਅਤੇ ਐਨਆਰਸੀ ਦਾ ਵਿਰੋਧ ਕਰਨ ਵਾਲੇ ਸਿਆਸੀ ਕਾਰਕੁਨਾਂ, ਪੱਤਰਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ, ਦਰਜ ਕੀਤੇ ਕੇਸ ਵਾਪਸ ਲਏ ਜਾਣ, ਨਫ਼ਰਤੀ ਫਿਰਕੂ ਪ੍ਰਚਾਰ ਬੰਦ ਕੀਤਾ ਜਾਵੇ, ਘਰੇਲੂ ਪੈਦਾਵਾਰ ਦਾ 10 ਫੀਸਦੀ ਲੋਕਾਂ ਦੀ ਸਹਾਇਤਾ ਲਈ ਜਾਰੀ ਕੀਤਾ ਜਾਵੇ, ਛਾਂਟੀਆਂ ਬੰਦ ਕੀਤੀਆਂ ਜਾਣ, ਮਹਾਂਮਾਰੀ ਕਾਨੂੰਨ ਦੀ ਦੁਰਵਰਤੋਂ ਬੰਦ ਕੀਤੀ ਜਾਵੇ।
    ਫਰੰਟ ਦੇ ਆਗੂਆਂ ਨੇ ਲੋਕਾਂ ਨੂੰ ਪਹਿਲੀ ਮਈ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਲੁੱਟ ਅਧਾਰਿਤ ਸਮਾਜ ਨੂੰ ਬਦਲਣ ਲਈ ਵਿਸ਼ਾਲ ਲਾਮਬੰਦੀ ਅਤੇ ਸੰਘਰਸ਼ ਦਾ ਸੱਦਾ ਦਿਤਾ ਤਾਂ ਜੋ ਬਰਾਬਰੀ, ਜਮਹੂਰੀਅਤ-ਪੱਖੀ ਅਤੇ ਸਹੀ ਅਰਥਾਂ ਵਿਚ ਧਰਮ-ਨਿਰਪੱਖ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

No comments:

Post a Comment