Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Tuesday 14 April 2020

ਕਰੋਨਾਵਾਇਰਸ : ਚੁਣੌਤੀਆਂ ਭਰਪੂਰ ਭਵਿੱਖ

ਮੰਗਤ ਰਾਮ ਪਾਸਲਾ

 

ਕੁਦਰਤ ਵੱਲੋਂ ਸਵਰਗ ਦੇ ਰੂਪ ਵਿਚ ਸਿਰਜੀ ਗਈ ਧਰਤੀ ਅੱਜ ਜਾਨਲੇਵਾ ਬਿਮਾਰੀਆਂ, ਜੰਗਾਂ ਤੇ ਭੁੱਖਮਰੀ ਸਦਕਾ ਨਰਕ ਬਣੀ ਨਜ਼ਰ ਆ ਰਹੀ ਹੈ। ਇਸ ਵਰਤਾਰੇ ਲਈ ਅੰਸ਼ਿਕ ਤੌਰ ’ਤੇ ਮਨੁੱਖ ਆਪ ਵੀ ਜ਼ਿੰਮੇਵਾਰ ਹੈ। ਕਰੋਨਾਵਾਇਰਸ ਜਿਸਨੇ ਸੰਸਾਰ ਭਰ ਦੇ ਦੇਸ਼ਾਂ ਨੂੰ ਆਪਣੀ ਜਕੜ ਵਿਚ ਲਿਆ ਹੋਇਆ ਹੈ, ਨਾਲ ਹੁਣ ਤਕ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਹੋਰ ਲੱਖਾਂ ਲੋਕ ਇਸ ਰੋਗ ਨਾਲ ਪੀੜਤ ਹਨ। ਸਾਰੇ ਯਤਨਾਂ ਦੇ ਬਾਵਜੂਦ ਇਹ ਗਿਣਤੀ ਹੋਰ ਵਧਣ ਦੇ ਅਸਾਰ ਹਨ ਤੇ ਇਸ ਰੋਗ ਦੇ ਅਸਰਦਾਇਕ ਇਲਾਜ ਵਾਸਤੇ ਅਜੇ ਕੋਈ ਸਮਾਂ ਸੀਮਾ ਤੈਅ ਨਹੀਂ ਹੋ ਸਕੀ। ਆਮ ਲੋਕਾਂ ਦੇ ਨਾਲ ਨਾਲ ਦੁਨੀਆਂ ਦੇ ਅਮੀਰ ਤੇ ਪ੍ਰਭਾਵਸ਼ਾਲੀ ਲੋਕ ਵੀ ਇਸ ਦੀ ਲਪੇਟ ਵਿਚ ਹਨ। ਹਰ ਦੇਸ਼ ਦੀ ਸਰਕਾਰ ਆਪੋ ਆਪਣੇ ਵਿਤ ਅਨੁਸਾਰ ਇਸ ’ਤੇ ਕਾਬੂ ਪਾਉਣ ਦੇ ਯਤਨ ਜੁਟਾ ਰਹੀ ਹੈ। ਸਭ ਦੀ ਇੱਛਾ ਹੈ ਕਿ ਇਸ ਉਦੇਸ਼ ’ਚ ਜਲਦੀ ਕਾਮਯਾਬੀ ਮਿਲੇ ਤਾਂ ਕਿ ਮਨੁੱਖਤਾ ਨੂੰ ਇਸ ਤੀਸਰੇ ਮਹਾਂਯੁੱਧ ਵਰਗੇ ਪ੍ਰਕੋਪ ਤੋਂ ਬਚਾਇਆ ਜਾ ਸਕੇ।
ਮਹਾਂਮਾਰੀ ਦੇ ਸਿੱਟੇ ਵਜੋਂ ਆਉਣ ਵਾਲੇ ਦਿਨਾਂ ਅੰਦਰ ਸੰਸਾਰ ’ਚ ਵੱਡੀ ਆਰਥਿਕ ਮੰਦੀ ਦੀਆਂ ਭੱਵਿਖਬਾਣੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਭਾਵਿਤ ਵਿੱਤੀ ਸੰਕਟ ਦੀ ਮਾਤਰਾ ਘੱਟ ਵੱਧ ਹੋ ਸਕਦੀ ਹੈ, ਪਰ ਦੁਨੀਆਂ ਦਾ ਕੋਈ ਵੀ ਦੇਸ਼ ਇਸਦੀ ਮਾਰ ਤੋਂ ਅਛੂਤ ਨਹੀਂ ਰਹਿ ਸਕੇਗਾ। ਸਿੱਟੇ ਵਜੋਂ ਸੰਸਾਰ ਅੰਦਰ ਆਰਥਿਕ ਵਿਕਾਸ ਵਿਚ ਖੜੋਤ, ਬੇਰੁਜ਼ਗਾਰੀ ਤੇ ਭੁੱਖਮਰੀ ’ਚ ਵਾਧਾ ਅਤੇ ਆਮਦਨੀ ’ਚ ਸਭ ਤੋਂ ਹੇਠਲੀ ਕਤਾਰ ਦੇ ਲੋਕਾਂ ਲਈ ਵੱਡੀਆਂ ਦੁਸ਼ਵਾਰੀਆਂ ਸਪੱਸ਼ਟ ਨਜ਼ਰ ਆ ਰਹੀਆਂ ਹਨ। ਜਿਹੜੇ ਲੋਕ ਪਹਿਲਾਂ ਹੀ ਦਿਨੇ ਕਮਾਈ ਕਰਕੇ ਰਾਤ ਲਈ ਰੁੱਖੇ ਮਿੱਸੇ ਖਾਣੇ ਦਾ ਜੁਗਾੜ ਕਰਦੇ ਹਨ, ਇਸ ਸਥਿਤੀ ’ਚ ਉਨ੍ਹਾਂ ਦਾ ਮੁਸ਼ਕਲਾਂ ਭਰਿਆ ਜੀਵਨ ਕਿਹੋ ਜਿਹਾ ਹੋਵੇਗਾ, ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ? ਵਿਕਾਸਸ਼ੀਲ ਤੇ ਘੱਟ ਵਿਕਸਤ ਗ਼ਰੀਬ ਦੇਸ਼ਾਂ ਦੇ ਲੋਕਾਂ ’ਚ ਬੇਰੁਜ਼ਗਾਰੀ ਦੇ ਵਾਧੇ ਸਦਕਾ ਖ਼ਰੀਦ ਸ਼ਕਤੀ ’ਚ ਵੱਡੀ ਕਮੀ ਨਵੀਂ ਕਿਸਮ ਦੇ ਸਮਾਜਿਕ ਤਣਾਅ ਨੂੰ ਜਨਮ ਦੇ ਸਕਦੀ ਹੈ। ਅਜਿਹੀਆਂ ਪ੍ਰਸਥਿਤੀਆਂ ਅੰਦਰ ਸਮਾਜ ਅੰਦਰ ਵੱਡੀਆਂ ਤਬਦੀਲੀਆਂ ਦੀ ਦਸਤਕ ਸੁਣਾਈ ਦੇ ਰਹੀ ਹੈ। ਇਸ ਬੇਚੈਨੀ ਨੂੰ ਅਗਾਂਹ ਵਧੂ ਸ਼ਕਤੀਆਂ ਆਪਣੇ ਦਖਲ ਰਾਹੀਂ ਇਕ ਚੰਗੇਰੇ ਸਮਾਜ ਦੀ ਸਿਰਜਣਾ ਵਿਚ ਤਬਦੀਲ ਵੀ ਕਰ ਸਕਦੀਆਂ ਹਨ ਤੇ ਇਸ ਕੰਮ ਵਿਚ ਅਸਫਲ ਰਹਿਣ ਦੇ ਨਤੀਜੇ ਵਜੋਂ ਸੱਜੇ ਪੱਖੀ ਪਿਛਾਖੜੀ ਤਾਕਤਾਂ ਬਦਅਮਨੀ ਦੇ ਦੌਰ ’ਚ ‘ਫਾਸ਼ੀਵਾਦੀ ਨਿਜ਼ਾਮ’ ਨੂੰ ਜਨਮ ਵੀ ਦੇ ਸਕਦੀਆਂ ਹਨ। ਆਉਣ ਵਾਲਾ ਸਮਾਂ ਸੰਸਾਰ ਭਰ ਦੇ ਲੋਕਾਂ ਲਈ ਹਰ ਪੱਖ ਤੋਂ ਵੱਡੀਆਂ ਚੁਣੌਤੀਆਂ ਭਰਿਆ ਸਿੱਧ ਹੋਣ ਵਾਲਾ ਹੈ। ਸਾਡੇ ਲਈ ਇਸ ਤੋਂ ਵੀ ਵਧੇਰੇ ਫ਼ਿਕਰਮੰਦੀ ਦੀ ਗੱਲ ਇਹ ਹੈ ਕਿ ਅਜਿਹੇ ਮੁਸ਼ਕਿਲਾਂ ਭਰੇ ਦੌਰ ਦਾ ਮੁਕਾਬਲਾ ਕਰਨ ਲਈ ਕੇਂਦਰ ਸਰਕਾਰ ਨਾ ਤਾਂ ਪੂਰੀ ਤਰ੍ਹਾਂ ਸਮਰੱਥ ਜਾਪਦੀ ਹੈ ਤੇ ਨਾ ਉਸਨੂੰ ਆਪਣੀ ਇਸ ਕਮਜ਼ੋਰੀ ਦਾ ਅਹਿਸਾਸ ਨਜ਼ਰ ਆ ਰਿਹਾ ਹੈ। ਇਸ ਬਿਮਾਰੀ ਦਾ ਇਲਾਜ ਲੱਭਣ ਲਈ ਵਿਗਿਆਨਕ ਕਾਢਾਂ ਲਈ ਲੋੜੀਂਦੇ ਵਿੱਤੀ ਸਾਧਨ ਜੁਟਾਉਣ ਦੀ ਜ਼ਰੂਰਤ ਹੈ, ਜਿਸ ਬਾਰੇ ਅਜੇ ਤਕ ਮੋਦੀ ਸਰਕਾਰ ਨੇ ਕੋਈ ਸਪੱਸ਼ਟ ਵੇਰਵਾ ਨਹੀਂ ਦਿੱਤਾ।
ਸਾਡੇ ਸਰਕਾਰੀ ਹਸਪਤਾਲਾਂ ਦੀ ਹਾਲਤ ਸਭ ਦੇ ਸਾਹਮਣੇ ਹੈ, ਜਿੱਥੇ ਲੋੜੀਂਦੀਆਂ ਸਿਹਤ ਸੇਵਾਵਾਂ ਤੇ ਇਸ ਨਾਲ ਜੁੜੀਆਂ ਦੂਸਰੀਆਂ ਸਹੂਲਤਾਂ ਉਪਲੱਬਧ ਹੀ ਨਹੀਂ ਹਨ। ਲੌਕਡਾਊਨ ਕਾਰਨ ਵਿਹਲੇ ਹੋਏ ਕਰੋੜਾਂ ਕਿਰਤੀ ਜੋ ਗ਼ੈਰ ਜਥੇਬੰਦਕ ਖੇਤਰ ਵਿਚ ਕੰਮ ਕਰਦੇ ਹਨ, ਦੋ ਡੰਗ ਦੀ ਪੇਟ ਭਰਵੀਂ ਰੋਟੀ ਮਿਲਣ ਤੋਂ ਵੀ ਵਿਰਵੇ ਹੋ ਗਏ ਹਨ। ਵਿਹਲੇ ਬੈਠ ਕੇ ਉਹ ਆਪਣੇ ਪਰਿਵਾਰ ਦਾ ਪੇਟ ਕਿਵੇਂ ਭਰ ਸਕਣਗੇ, ਇਹ ਸਵਾਲ ਮੂੰਹ ਅੱਡੀ ਖੜ੍ਹਾ ਹੈ। ਛੋਟੀਆਂ ਸਨਅਤਾਂ, ਹੇਠਲੇ ਦਰਜੇ ਦੇ ਕਾਰੋਬਾਰੀ ਤੇ ਵਪਾਰੀ ਵੀ ਜਿਹੜੇ ਭਿਆਨਕ ਮੰਦੀ ਦੀ ਮਾਰ ਹੇਠ ਹਨ, ਕੇਂਦਰ ਸਰਕਾਰ ਵੱਲੋਂ ਵੱਡੀ ਵਿੱਤੀ ਸਹਾਇਤਾ ਦੀ ਆਸ ਲਾਈ ਬੈਠੇ ਹਨ। ਜਿਸਨੂੰ ਛੇਤੀ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ।
ਸਮਾਜ ਅੰਦਰ ਧਰਮ ਦੇ ਨਾਂ ’ਤੇ ਅੰਧ ਵਿਸ਼ਵਾਸ, ਵਹਿਮ ਤੇ ਪਿਛਾਖੜੀ ਵਿਚਾਰਧਾਰਾ ਫੈਲਾਉਣ ਦੀ ਤਾਕ ਵਿਚ ਬੈਠੇ ਗ਼ੈਰ ਸਮਾਜਿਕ ਤੇ ਗ਼ੈਰ-ਜ਼ਿੰਮੇਵਾਰ ਤੱਤਾਂ ਵੱਲੋਂ ਇਸ ਭਿਆਨਕ ਰੋਗ ਨੂੰ ਰੋਕਣ ਲਈ ‘ਗਊ ਦਾ ਮੂਤਰ ਤੇ ਗੋਹੇ ਦਾ ਸੇਵਨ’, ਕਥਿਤ ਧਰਮ ਗੁਰੂਆਂ ਵੱਲੋਂ ‘ਅਰਦਾਸਾਂ, ਧਾਰਮਿਕ ਇਕੱਠਾਂ ’ਚ ਨਮਾਜ਼ਾਂ ਤੇ ਅਰਜੋਈਆਂ ਰਾਹੀਂ ਟੱਲੀਆਂ ਖੜਕਾ ਕੇ’ ਇਸ ਬਿਮਾਰੀ ਉੱਪਰ ਕਾਬੂ ਪਾਉਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਬਿਮਾਰ ਮਾਨਸਿਕਤਾ ਜਿੱਥੇ ਭਾਰਤੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਅਜਿਹੇ ਗ਼ੈਰ ਜ਼ਿੰਮੇਵਾਰ ਤੇ ਅਸਮਾਜਿਕ ਤੱਤਾਂ ਦਾ ਪੂਰੀ ਤਾਕਤ ਨਾਲ ਵਿਰੋਧ ਕਰਨ ਦੀ ਜ਼ਰੂਰਤ ਹੈ।
ਇਹ ਸਮਾਂ ਇਹ ਬਹਿਸ ਕਰਨ ਦਾ ਨਹੀਂ ਹੈ ਕਿ ਇਸ ਮਾਰੂ ਰੋਗ ਦਾ ਸੋਮਾ ਕੀ ਹੈ ਜਾਂ ਇਸ ਲਈ ਕਿਹੜਾ ਦੇਸ਼ ਜ਼ਿੰਮੇਵਾਰ ਹੈ? ਇਸ ਮੁੱਦੇ ਬਾਰੇ ਹੋਰ ਵਧੇਰੇ ਖੋਜ ਦੀ ਲੋੜ ਹੈ ਤੇ ਸਮਾਂ ਪਾ ਕੇ ਇਸਦਾ ਸੱਚ ਵੀ ਸਾਹਮਣੇ ਆ ਜਾਵੇਗਾ, ਪਰ ਇਹ ਤੱਥ ਸਪੱਸ਼ਟ ਹੈ ਕਿ ਜਿਸ ਢੰਗ ਨਾਲ ਸੰਸਾਰ ਅੰਦਰ ਧਨਵਾਨ ਲੋਕ ਤੇ ਉਨ੍ਹਾਂ ਦੇ ਸਿਰਜੇ ਹੋਏ ਕਾਰਪੋਰੇਟ ਘਰਾਣੇ ਆਪਣੇ ਅੰਨ੍ਹੇ ਮੁਨਾਫ਼ਿਆਂ ਦੀ ਦੌੜ ਵਿਚ ਕੁਦਰਤ ਦੇ ਸਾਰੇ ਨਿਯਮਾਂ, ਵਾਤਾਵਰਨ ਤੇ ਧਰਤੀ ਉੱਪਰਲੇ ਜੀਵਾਂ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ, ਉਸ ਨਾਲ ਸਮੁੱਚੇ ਬ੍ਰਹਿਮੰਡ ਦੇ ਤਾਪਮਾਨ ਤੇ ਵਾਤਾਵਰਨ ਅੰਦਰ ਭਾਰੀ ਤਬਦੀਲੀਆਂ ਦੇਖੀਆਂ ਜਾ ਸਕਦੀਆਂ ਹਨ, ਜੋ ਮਨੁੱਖਤਾ ਲਈ ਤਬਾਹੀ ਦਾ ਕਾਰਨ ਬਣ ਰਹੀਆਂ ਹਨ। ਬਹੁਤ ਸਾਰੇ ਅਜਿਹੇ ਰੋਗ ਜਿਹੜੇ ਕੁਝ ਸਮਾਂ ਪਹਿਲਾਂ ਲਾਇਲਾਜ ਸਨ, ਹੁਣ ਉਹ ਇਲਾਜ ਨਾਲ ਠੀਕ ਕੀਤੇ ਜਾ ਸਕਦੇ ਹਨ। ਜੇਕਰ ਇਨ੍ਹਾਂ ਵਿਗਿਆਨਕ ਕਾਢਾਂ ਦੀ ਵਰਤੋਂ ਸਾਰੀ ਮਨੁੱਖਤਾ ਦੇ ਕਲਿਆਣ ਲਈ ਕੀਤੀ ਜਾਵੇ ਤਾਂ ਧਰਤੀ ਕਿਸੇ ਸੁਪਨਮਈ ਸਵਰਗ ਹੋਣ ਤੋਂ ਘੱਟ ਨਜ਼ਰ ਨਹੀਂ ਆਵੇਗੀ। ਵਿਗਿਆਨਕ ਕਾਢਾਂ ਨਾਲ ਮਨੁੱਖੀ ਸਮਾਜ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਪੁੱਜਾ ਹੈ। ਜੇਕਰ ਮਨੁੱਖਤਾ ਦੇ ਭਲੇ ਲਈ ਇਸ ਦਿਸ਼ਾ ’ਚ ਹੋਰ ਅੱਗੇ ਵਧਿਆ ਜਾਵੇ, ਤਦ ਸੰਸਾਰ ਭਰ ’ਚ ਗ਼ਰੀਬੀ, ਭੁੱਖਮਰੀ, ਬਿਮਾਰੀਆਂ, ਅਨਪੜ੍ਹਤਾ ਤੇ ਬੇਕਾਰੀ ਦਾ ਪੂਰੀ ਤਰ੍ਹਾਂ ਖਾਤਮਾ ਕੀਤਾ ਜਾ ਸਕਦਾ ਹੈ ਤੇ ਬਰਾਬਰਤਾ, ਭਾਈਚਾਰਕ ਸਾਂਝ, ਅਮਨ ਤੇ ਆਪਸੀ ਸਹਿਹੋਂਦ ਦੇ ਸਿਧਾਤਾਂ ’ਤੇ ਖ਼ੂਬਸੂਰਤ ਸਮਾਜ ਦੀ ਉਸਾਰੀ ਕੀਤੀ ਜਾ ਸਕਦੀ ਹੈ। ਜਿਹੜੀਆਂ ਬਿਮਾਰੀਆਂ ਦਾ ਅਜੇ ਇਲਾਜ ਨਹੀਂ ਲੱਭਿਆ ਜਾ ਸਕਿਆ, ਜਿਨ੍ਹਾਂ ਵਿਚ ਕਰੋਨਾਵਾਇਰਸ ਤੇ ਏਡਜ਼ ਵਰਗੇ ਰੋਗ ਸ਼ਾਮਲ ਹਨ, ਉਨ੍ਹਾਂ ਦੇ ਇਲਾਜ ਲਈ ਨਵੇਂ ਵਿਗਿਆਨਕ ਤਜ਼ਰਬਿਆਂ ਦੇ ਯਤਨਾਂ ’ਤੇ ਕੀਤੇ ਜਾਣ ਵਾਲੇ ਖ਼ਰਚਿਆਂ ਦੀ ਭਰਪਾਈ ਜੰਗੀ ਸਾਮਾਨ ’ਤੇ ਫਜ਼ੂਲ ਖ਼ਰਚ ਹੋਣ ਵਾਲੇ ਧਨ ਦੀ ਬੱਚਤ ਨਾਲ ਕੀਤੀ ਜਾ ਸਕਦੀ ਹੈ। ਪਿਛਲੇ ਦਿਨੀਂ ਕਰੋਨਾਵਾਇਰਸ ਦੇ ਇਲਾਜ ਲੱਭਣ ਵਿਚ ਰੁੱਝੀ ਇਕ ਜਰਮਨੀ ਦੀ ਸੰਸਥਾ ਕੋਲੋਂ ਭਾਰੀ ਰਕਮ ਦਾ ਲਾਲਚ ਦੇ ਕੇ ਅਮਰੀਕਾ ਨੇ ਸਾਰੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਭਵਿੱਖ ’ਚ ਇਸ ਬਿਮਾਰੀ ਦਾ ਇਲਾਜ ਕਰਨ ਵਾਲੀ ਦਵਾਈ ਦੇ ਫਾਰਮੂਲੇ ਬਾਰੇ ਇਜਾਰੇਦਾਰੀ ਹਾਸਲ ਕਰਕੇ ਉਸਨੂੰ ਮਨਮਰਜ਼ੀ ਦੀ ਕੀਮਤ ’ਤੇ ਵੇਚ ਸਕੇ। ਇਸ ਕਾਰਨਾਮੇ ਨਾਲ ਸਿੱਧ ਹੋ ਗਿਆ ਹੈ ਕਿ ਧਨਵਾਨ ਦੇਸ਼ ਪਹਿਲਾਂ ਜਨਤਾ ਦੀਆਂ ਬਿਮਾਰੀਆਂ ਪੈਦਾ ਕਰਨ ਤੇ ਬਾਅਦ ’ਚ ਉਸਦੇ ਇਲਾਜ ਕਰਨ ਦੇ ਬਹਾਨੇ ਵੀ ਵੱਡੇ ਮੁਨਾਫ਼ੇ ਕਮਾਉਣ ਦੀ ਲਾਲਸਾ ਨਹੀਂ ਤਿਆਗਦੇ ਤੇ ਇਸ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ।
ਵਿਗਿਆਨ ਦੀ ਹੈਰਾਨੀਜਨਕ ਉੱਨਤੀ ਦੇ ਹਾਂ ਪੱਖੀ ਪਹਿਲੂ ਦੇ ਨਾਲ ਨਾਲ ਦੂਸਰੇ ਪਾਸੇ ਨਾਂਹ ਪੱਖੀ ਵਰਤਾਰਾ ਇਸ ਤੋਂ ਕਿਤੇ ਜ਼ਿਆਦਾ ਚਿੰਤਾਜਨਕ ਹੈ। ਵੱਡੀਆਂ ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣੇ ਵਧੇਰੇ ਮੁਨਾਫ਼ੇ ਕਮਾਉਣ ਤੇ ਹੋਰ ਪੂੰਜੀ ਇਕੱਤਰ ਕਰਨ ਦੀ ਅਮੁੱਕ ਭੁੱਖ ਨੂੰ ਪੂਰਾ ਕਰਨ ਲਈ ਵਿਗਿਆਨਕ ਕਾਢਾਂ ਦੀ ਦੁਰਵਰਤੋਂ ਰਾਹੀਂ ਤਬਾਹਕੁੰਨ ਜੰਗੀ ਹਥਿਆਰ, ਐਟਮੀ ਬੰਬ, ਖ਼ਤਰਨਾਕ ਗੈਸਾਂ, ਜੰਗੀ ਜਹਾਜ਼ ਤੇ ਜੰਗੀ ਮਿਜ਼ਾਇਲਾਂ ਦਾ ਵੱਡੀ ਮਾਤਰਾ ਵਿਚ ਉਤਪਾਦਨ ਕਰਦੇ ਹਨ। ਇਨ੍ਹਾਂ ਹਥਿਆਰਾਂ ਦੀ ਵਿਕਰੀ ਲਈ ਸੰਸਾਰ ਦੇ ਵੱਖ ਵੱਖ ਦੇਸ਼ਾਂ ਅੰਦਰ ਆਪਸੀ ਤਣਾਅ ਤੇ ਦੁਸ਼ਮਣੀ ਜ਼ਰੂਰੀ ਹੈ ਤਾਂ ਕਿ ਉਹ ਜੰਗੀ ਸਾਮਾਨ ਖ਼ਰੀਦ ਕੇ ਆਪਣੇ ਵਿਰੋਧੀ ਨੂੰ ਪਛਾੜ ਸਕਣ। ਇਸ ਤਬਾਹਕੁੰਨ ਸਾਮਾਨ ਦੀ ਵਰਤੋਂ ਵੀ ਅਤੀ ਜ਼ਰੂਰੀ ਹੈ ਤਾਂ ਕਿ ਹੋਰ ਮੰਗ ਪੂਰੀ ਕਰਨ ਲਈ ਜੰਗੀ ਸਮਾਨ ਦਾ ਉਤਪਾਦਨ ਵਧਾਇਆ ਜਾ ਸਕੇ। ਇਹ ‘ਮੰਗ ਤੇ ਸਪਲਾਈ’ ਦਾ ਖੇਡ ਅਣਗਿਣਤ ਮੁਨਾਫ਼ਿਆਂ ਨੂੰ ਜਨਮ ਦਿੰਦਾ ਹੈ, ਜੋ ਦੁਨੀਆਂ ਦੇ ਸਾਮਰਾਜੀ ਦੇਸ਼ਾਂ ਤੇ ਵੱਡੇ ਧਨਵਾਨਾਂ ਦੀ ਮੁਨਾਫ਼ੇ ਦੀ ਭੁੱਖ ਪੂਰੀ ਕਰਦਾ ਹੈ। ਕਈ ਚਲਾਕ ਰਾਜਨੀਤੀਵਾਨ ਸਾਮਰਾਜੀ ਦੇਸ਼ਾਂ ਕੋਲੋਂ ਵੱਡੇ ਤੋਂ ਵੱਡਾ ਤੇ ਵਧੇਰੇ ਖ਼ਤਰਨਾਕ ਜੰਗੀ ਸਾਜੋ ਸਾਮਾਨ ਖ਼ਰੀਦ ਕੇ ਆਪਣੇ ਲੋਕਾਂ ਕੋਲੋਂ ਝੂਠੀ ਸ਼ੋਹਰਤ ਹਾਸਲ ਕਰਨ ਦਾ ਯਤਨ ਕਰਦੇ ਹਨ। ਅੰਧ ਕੌਮਵਾਦ ਦਾ ਸ਼ਿਕਾਰ ਲੋਕ ਕਈ ਵਾਰ ਇਸ ਵਰਤਾਰੇ ਉੱਪਰ ਤਾੜੀਆਂ ਵੀ ਵਜਾਉਣ ਲੱਗਦੇ ਹਨ, ਪਰ ਉਹ ਸੱਜਣ ਭੁੱਲ ਜਾਂਦੇ ਹਨ ਕਿ ਦੁਸ਼ਮਣ ਨੂੰ ਤਬਾਹ ਕਰਨ ਵਾਲਾ ਸਾਮਾਨ ਉਸੇ ਦੁਕਾਨ ਤੋਂ ਪ੍ਰਾਪਤ ਕਰਕੇ ਦੁਸ਼ਮਣ ਦੇਸ਼ ਵੀ ਤੁਹਾਡੀ ਤਬਾਹੀ ਕਰ ਸਕਦਾ ਹੈ। ਉਂਜ ਮਨੁੱਖਤਾ ਦੀ ਤਬਾਹੀ ਉੱਪਰ ਮਾਣ ਕਰਨਾ ਅਤੀ ਸ਼ਰਮਸਾਰ ਤੇ ਨਿੰਦਣਯੋਗ ਮਾਨਸਿਕਤਾ ਹੈ।
ਕੁਦਰਤ ਨੇ ਧਰਤੀ ਉੱਪਰ ਵੱਸਣ ਵਾਲੀ ਲੋਕਾਈ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੰਨ ਸੁਵੰਨਤਾ ਤੇ ਵੱਡੀ ਮਾਤਰਾ ਵਿਚ ਹਰ ਸੰਭਵ ਚੀਜ਼ ਤੇ ਸਹੂਲਤ ਪੈਦਾ ਕੀਤੀ ਹੋਈ ਹੈ। ਜੇਕਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਉੱਪਰ ਖੜ੍ਹੇ ਪੂੰਜੀਵਾਦੀ ਸਮਾਜ ਦੀ ਥਾਂ ਸਾਂਝੀਵਾਲਤਾ ਵਾਲਾ ਲੁੱਟ ਰਹਿਤ ਸਮਾਜ ਸਿਰਜ ਲਿਆ ਜਾਵੇ, ਤਦ ਨਾ ਤਾਂ ਧਰਤੀ ’ਤੇ ਕੋਈ ਲਾਇਲਾਜ ਬਿਮਾਰੀ ਹੀ ਦਿਸੇਗੀ ਤੇ ਇਸਦੇ ਨਾਲ ਨਾਲ ਬੇਕਾਰੀ, ਭੁੱਖਮਰੀ, ਜੰਗਾਂ, ਗ਼ਰੀਬੀ ਤੇ ਅਨਪੜ੍ਹਤਾ ਦਾ ਖਾਤਮਾ ਵੀ ਹੋਵੇਗਾ।
ਅੱਜ ਜਦੋਂ ਸਾਰਾ ਸੰਸਾਰ ਮਹਾਂਮਾਰੀ ਨਾਲ ਨਿਪਟਣ ਲਈ ਪੂਰੀ ਵਾਹ ਲਾ ਰਿਹਾ ਹੈ ਤਾਂ ਸਾਨੂੰ ਜਨ ਸਮੂਹਾਂ ਨੂੰ ਵੀ ਇਸ ਰੋਗ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਲੌਕਡਾਊਨ ਸਮੇਂ ਸਮਾਜ ਵੱਲੋਂ ਨਿੱਖੜ ਕੇ ਆਪਣੇ ਘਰ ਅੰਦਰ ਇਕੱਲਿਆਂ ਰਹਿਣ ਤੇ ਹੱਥਾਂ, ਕੱਪੜਿਆਂ ਦੀ ਸਫ਼ਾਈ ਰੱਖਣ ਦੀ ਸਖ਼ਤ ਲੋੜ ਹੈ। ਜੋ ਇਸ ਰੋਗ ਦਾ ਸ਼ਿਕਾਰ ਹਨ, ਉਨ੍ਹਾਂ ਨੂੰ ਨਫ਼ਰਤ ਕਰਨੀ ਜਾਂ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਤੋਂ ਪਾਸਾ ਵੱਟਣਾ ਗ਼ੈਰ ਮਾਨਵੀ ਵਤੀਰਾ ਹੈ, ਜਿਸ ਤੋਂ ਬਚਣ ਦੀ ਲੋੜ ਹੈ। ਸਰਕਾਰੀ ਯਤਨ ਆਪਣੀ ਜਗ੍ਹਾ ’ਤੇ ਲੋੜੀਂਦੇ ਹਨ, ਪਰ ਸਮਾਜਿਕ ਤੌਰ ’ਤੇ ਸਾਨੂੰ ਸਭ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ।

ਸੰਪਰਕ: 98141-8299

 

Thanks to Punjabi Tribune (14.4.2020)

No comments:

Post a Comment