Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday 11 November 2019

ਅਮਨ ਪਸੰਦ, ਜਮਹੂਰੀ ਤੇ ਅਗਾਂਹ ਵਧੂ ਲੋਕਾਂ ਨੂੰ ਦੇਸ਼ ਦੇ ਜਮਹੂਰੀ ਤੇ ਧਰਮ ਨਿਰਪੱਖ ਸਮਾਜਿਕ ਚੌਖਟੇ ਨੂੰ ਮਜ਼ਬੂਤ ਕਰਨ ਹਿੱਤ ਹਾਂ ਪੱਖੀ ਹੁੰਗਾਰਾ ਭਰਨ ਦੀ ਅਪੀਲ

ਜਲੰਧਰ, 11 ਨਵੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਦੇ ਸੰਬੰਧ ਵਿਚ ਦੇਸ਼ ਦੀ ਸਰਵ-ਉਚ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਨੂੰ ਆਮ ਲੋਕਾਂ ਵਲੋਂ ਸਵੀਕਾਰ ਕੀਤੇ ਜਾਣ ਅਤੇ ਇਸ ਨਾਜ਼ੁਕ ਮੌਕੇ ਫਿਰਕੂ ਸਦਭਾਵਨਾ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਸ਼ਾਨਦਾਰ ਰਵਾਇਤ ਉਪਰ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੀ ਹੈ। ਇਹ ਮਸਲਾ ਜੋ ਅਦਾਲਤਾਂ 'ਚ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ, ਕੁੱਝ ਫਿਰਕੂ ਤੱਤਾਂ ਦੇ ਹੱਥਾਂ ਵਿਚ ਸਮਾਜ ਦੇ ਵੱਖ ਵੱਖ ਭਾਗਾਂ ਵਿਚਕਾਰ ਤਨਾਅ ਪੈਦਾ ਕਰਨ ਦਾ ਹਥਿਆਰ ਸਿੱਧ ਹੋ ਰਿਹਾ ਸੀ। ਹੁਣ ਜਦੋਂ ਇਸ ਵਿਵਾਦ ਦਾ ਸੁਪਰੀਮ ਕੋਰਟ ਵਲੋਂ ਨਿਪਟਾਰਾ ਕਰ ਦਿੱਤਾ ਗਿਆ ਹੈ, ਤਦ ਆਸ ਬੱਝਦੀ ਹੈ ਕਿ ਧਰਮ ਨਿਰਪੱਖਤਾ ਦੇ ਸਮਾਜਕ ਚੌਖਟੇ ਅੰਦਰ ਹਰ ਵਿਵਾਦ ਨੂੰ ਹੱਲ ਕੀਤਾ ਜਾ ਸਕਦਾ ਹੈ ਤੇ ਭਵਿੱਖ ਅੰਦਰ ਜਨ ਸਧਾਰਨ ਸਮਾਜਿਕ ਤਣਾਅ ਪੈਦਾ ਕਰਨ ਵਾਲੇ ਅਜਿਹੇ ਸਵਾਲ ਖੜ੍ਹੇ ਕਰਨ ਵਾਲੀਆਂ ਸ਼ਕਤੀਆਂ ਨੂੰ ਕਦਾਚਿੱਤ ਮੂੰਹ ਨਹੀਂ ਲਾਉਣਗੇ।
ਆਰ.ਐਮ.ਪੀ.ਆਈ. ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸੁਪਰੀਮ ਕੋਰਟ ਵਲੋਂ ਅਯੁਧਿਆ ਮਾਮਲੇ ਬਾਰੇ ਦਿੱਤੇ ਫੈਸਲੇ ਬਾਰੇ ਬਿਆਨ ਜਾਰੀ ਕਰਦਿਆਂ ਅੱਗੇ ਕਿਹਾ ਹੈ ਕਿ ਭਾਵੇਂ ਸਰਵ ਉਚ ਅਦਾਲਤ ਦੇ ਫੈਸਲੇ ਉਪਰ ਕੁਝ ਨੁਕਤਿਆਂ ਬਾਰੇ ਕਿੰਤੂ ਪ੍ਰੰਤੂ ਕੀਤਾ ਜਾ ਸਕਦਾ ਹੈ, ਪ੍ਰੰਤੂ ਦੇਸ਼ ਦੇ ਵਡੇਰੇ ਹਿਤਾਂ ਤੇ ਆਪਸੀ ਭਾਈਚਾਰਾ ਕਾਇਮ ਰੱਖਣ ਦੇ ਨੁਕਤਾ ਨਿਗਾਹ ਤੋਂ ਸਾਰੇ ਅਮਨ ਪਸੰਦ, ਜਮਹੂਰੀ ਤੇ ਅਗਾਂਹ ਵਧੂ ਲੋਕਾਂ ਨੂੰ ਦੇਸ਼ ਦੇ ਜਮਹੂਰੀ ਤੇ ਧਰਮ ਨਿਰਪੱਖ ਸਮਾਜਿਕ ਚੌਖਟੇ ਨੂੰ ਮਜ਼ਬੂਤ ਕਰਨ ਹਿੱਤ ਇਸ ਨਿਰਣੇ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਨ ਦੀ ਜ਼ਰੂਰਤ ਹੈ। ਸਾਥੀ ਪਾਸਲਾ ਨੇ ਦੇਸ਼ ਦੀ ਸਮੁੱਚੀ ਜਨਤਾ ਨੂੰ ਹਰ ਰੰਗ ਦੀਆਂ ਫਿਰਕੂ ਸ਼ਕਤੀਆਂ, ਜੋ ਫਿਰਕਾਪ੍ਰਸਤੀ ਨੂੰ ਹਵਾ ਦੇਣ ਵਾਲੇ ਮੁੱਦਿਆਂ ਨੂੰ ਉਛਾਲਣ ਲਈ ਹਮੇਸ਼ਾ ਤਤਪਰ ਰਹਿੰਦੀਆਂ ਹਨ, ਤੋਂ ਸਾਵਧਾਨ ਰਹਿ ਕੇ ਨਿੱਤ ਵੱਧ ਰਹੀ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਅਨਪੜ੍ਹਤਾ, ਰੋਟੀ-ਰੋਜ਼ੀ ਤੇ ਕਰਜ਼ਿਆਂ ਵਰਗੇ ਮਸਲਿਆਂ ਨੂੰ ਹੱਲ ਕਰਾਉਣ ਲਈ ਸਾਂਝੀ ਜਨਤਕ ਲਹਿਰ ਖੜੀ ਕਰਨ ਵੱਲ ਤੇਜ਼ੀ ਨਾਲ ਹੋਰ ਅੱਗੇ ਵਧਣ ਦੀ ਅਪੀਲ ਕੀਤੀ ਹੈ।

No comments:

Post a Comment