Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Thursday 7 November 2019

ਆਰ ਐਮ ਪੀ ਆਈ ਵਲੋਂ, "ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ" ਨੂੰ ਸਮਰਪਿਤ ਸੂਬਾਈ ਸੈਮੀਨਾਰ ਦਾ ਆਯੋਜਨ



ਸੈਮੀਨਾਰ ਦੀ ਪ੍ਰਧਾਨਗੀ ਉੱਘੇ ਪੰਜਾਬੀ ਲੇਖਕ ਜਸਵੰਤ ਜਫਰ ਨੇ ਕੀਤੀ ਅਤੇ ਡਾਕਟਰ ਜਸਵਿੰਦਰ ਨੇ "ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ'' ਵਿਸ਼ੇ 'ਤੇ ਕੁੰਜੀਵਤ ਭਾਸ਼ਣ ਦਿੱਤਾ
 
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾਕਟਰ ਦਰਸ਼ਨ ਬੁੱਟਰ ਵੀ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਲ 
ਜਲੰਧਰ, 7 ਨਵੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਅਕਤੂਬਰ ਇਨਕਲਾਬ (1917 ਦੀ ਰੂਸੀ ਸਮਾਜਵਾਦੀ ਕ੍ਰਾਂਤੀ) ਦੀ ਵਰ੍ਹੇਗੰਢ ਮੌਕੇ, ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ 'ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ' ਨੂੰ ਸਮਰਪਿਤ ਪ੍ਰਭਾਵਸ਼ਾਲੀ ਸੂਬਾ ਪੱਧਰੀ  ਸੈਮੀਨਾਰ ਦਾ ਆਯੋਜਨ ਕੀਤਾ ਗਿਆ ।
"ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ'' ਵਿਸ਼ੇ ਅਧੀਨ ਸੱਦੇ ਗਏ ਉਕਤ ਸੈਮੀਨਾਰ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਜਸਵਿੰਦਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਇਸ ਤੱਥ 'ਤੇ ਵਿਸ਼ੇਸ਼ ਬਲ ਦਿੱਤਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਲੋਕ ਹਿਤੈਸ਼ੀ ਵਿਰਾਸਤ ਤੇ ਇਸ ਵਿਰਾਸਤ ਦੀ ਨਿਰੰਤਰਤਾ ਅਤੇ ਗੌਰਵ ਨੂੰ ਵਰਤਮਾਨ ਸਮੇਂ ਹੋਰ ਡੂੰਘਾਈ ਨਾਲ ਸਮਝਣ ਅਤੇ ਆਤਮਸਾਤ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਇਹ ਸਮੇਂ ਨੇ ਸਿੱਧ ਕੀਤਾ ਹੈ ਕਿ ਕੋਈ ਵੀ ਲੋਕ ਹਿਤੈਸ਼ੀ ਫਲਸਫਾ ਜਦੋਂ ਸਰਵ ਪ੍ਰਵਾਨਿਤ ਹੋਣ ਵੱਲ ਵਧਦਾ ਹੈ ਤਾਂ ਇਸ ਫਲਸਫੇ ਦੇ ਜਮਾਤੀ, ਜਾਤੀ, ਧਾਰਮਿਕ ਅਤੇ ਖੇਤਰੀ ਦਾਅਵੇਦਾਰ ਪੈਦਾ ਹੋ ਜਾਂਦੇ ਹਨ । ਇਸ ਲਈ ਅਜਿਹੇ ਫਲਸਫੇ ਦੇ ਹਕੀਕੀ ਵਾਰਸਾਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਨ੍ਹਾਂ ਅਖੌਤੀ ਦਾਅਵੇਦਾਰਾਂ ਵਲੋਂ  ਇਸ ਫਲਸਫੇ ਦੇ ਸਾਰ ਤੱਤ ਨਾਲ ਕੀਤੇ ਜਾਂਦੇ ਖਿਲਵਾੜ ਤੋਂ ਸੁਚੇਤ ਹੁੰਦੇ ਹੋਏ ਇਸ ਦੇ  ਅਸਲ ਪਹਿਲੂਆਂ ਦੀ ਰਾਖੀ ਕਰਨ ।
ਵਿਦਵਾਨ ਬੁਲਾਰੇ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਮਨੁੱਖ ਨੂੰ ਹੀਣਾ ਬਨਾਉਣ ਵਾਲੇ ਕਰਮ-ਕਾਂਡ ਅਤੇ ਹੋਰ  ਸਮਾਜਿਕ ਬੁਰਾਈਆਂ ਨੂੰ ਰੱਦ ਕਰਦਿਆਂ, ਇਸ ਦੀ ਥਾਂ ਅਮਲੀ ਜੀਵਨ ਵਿੱਚ ਨੈਤਿਕਤਾ ਤੇ ਸਮਾਨਤਾ ਦੇ ਲੋਕ ਹਿਤੂ ਸੰਕਲਪਾਂ ਆਧਾਰਿਤ ਸਮਾਜਿਕ ਵਿਵਸਥਾ ਅਤੇ ਨਿਆਂ ਪ੍ਰਣਾਲੀ ਦੀ ਸਥਾਪਨਾ ਲੋਚਦੀ ਹੈ । ਉਨ੍ਹਾਂ ਇਸ ਤੱਥ ਦੀ ਵੀ ਠੋਸ ਵਿਆਖਿਆ ਕੀਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦ੍ਰਿਸ਼ਟੀਕੋਣ ਨਾ ਕੇਵਲ ਵਿਆਪਕ ਹੈ, ਬਲਕਿ ਕੁਦਰਤ ਅਤੇ ਕਾਇਨਾਤ ਨਾਲ ਪੀਡਾ ਜੁੜਿਆ ਹੋਇਆ ਹੈ ।
ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ  ਪੰਜਾਬੀ ਮਾਂ ਬੋਲੀ ਦੇ ਉੱਘੇ ਲੇਖਕ ਅਤੇ ਮਾਨਵਤਾਵਾਦੀ ਕਾਰਕੁੰਨ  ਜਸਵੰਤ ਜਫ਼ਰ ਜੀ ਨੇ ਆਪਣੇ ਸੰਖੇਪ, ਦਿਲ ਟੁੰਬਵੇਂ  ਸੰਬੋਧਨ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਸਮਾਜਿਕ ਅਤੇ ਰਾਜਸੀ ਪਹਿਲੂਆਂ 'ਤੇ ਰੋਸ਼ਨੀ ਪਾਉਂਦਿਆਂ ਇਨ੍ਹਾਂ  ਨੂੰ ਗੰਭੀਰਤਾ ਨਾਲ ਸਮਝਣ 'ਤੇ ਜੋਰ ਦਿੱਤਾ ਅਤੇ ਕਿਹਾ ਕਿ ਅਜੋਕੇ ਦੌਰ ਵਿੱਚ ਉਕਤ ਲੋਕ ਹਿਤੂ ਪਹਿਲੂ, ਖਾਸ ਕਰਕੇ ਸਾਂਝੀਵਾਲਤਾ ਦਾ ਸੰਕਲਪ, ਹੋਰ ਵੀ ਵਧੇਰੇ ਪ੍ਰਸੰਗਿਕ ਬਣ ਗਿਆ ਹੈ ।
ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੰਚ 'ਤੇ ਸੁਸ਼ੋਭਿਤ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾਕਟਰ ਦਰਸ਼ਨ ਬੁੱਟਰ ਨੇ ਆਪਣੇ ਸੰਬੋਧਨ ਦੌਰਾਨ ਅਜਿਹੇ ਸੈਮੀਨਾਰ ਸੱਦਣ ਦੀ ਨਿਵੇਕਲੀ ਪਹਿਲਕਦਮੀ ਲਈ ਪਾਰਟੀ ਨੂੰ ਮੁਬਾਰਕਬਾਦ ਦਿੰਦਿਆਂ ਲੁੱਟੇ ਤੇ ਲਿਤਾੜੇ ਲੋਕਾਂ ਦੀ ਹਕੀਕੀ ਬੰਦ ਖਲਾਸੀ ਦੇ ਸੰਗਰਾਮ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਹਾਂ ਪੱਖੀ ਸਰੋਕਾਰਾਂ ਤੋਂ ਯੋਗ ਅਗਵਾਈ ਲੈਣ 'ਤੇ ਬਲ ਦਿੱਤਾ ।
ਆਪਣੇ ਸੰਬੋਧਨ ਵਿੱਚ ਆਰਐਮਪੀਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਾਰਟੀ ਲੁੱਟ-ਚੋਂਘ ਦੇ ਰਾਜ ਪ੍ਰਬੰਧ ਦੇ ਖਾਤਮੇ ਦੇ ਲੋਕ ਸੰਗਰਾਮਾਂ ਵਿੱਚ ਜਿੱਥੇ ਮਾਰਕਸੀ-ਲੈਨਿਨੀ ਵਿਗਿਆਨਕ ਵਿਚਾਰਧਾਰਾ ਤੋਂ ਅਗਵਾਈ ਲਵੇਗੀ, ਉੱਥੇ  ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਅਤੀਤ ਦੇ ਅਜਿਹੇ ਹੋਰ ਮਹਾਨ ਦਾਰਸ਼ਨਿਕਾਂ ਤੇ ਰਾਹ ਵਿਖਾਵਿਆਂ ਤੋਂ ਵੀ ਪ੍ਰੇਰਣਾ ਲਵੇਗੀ ।
ਸੈਮੀਨਾਰ ਦੀ ਕਾਰਵਾਈ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ ਕਰਮਜੀਤ ਸਿੰਘ ਵਲੋਂ ਚਲਾਈ ਗਈ । ਸੈਮੀਨਾਰ ਦੇ ਸ਼ੁਰੂ ਵਿੱਚ ਉਨ੍ਹਾਂ ਸਾਰੇ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ ।
ਇਸ ਮੌਕੇ 'ਮੁਸਾਫਿਰ ਬੈਂਡ' ਦੇ ਸੰਚਾਲਕ ਅਮਾਨ ਸਿੱਧੂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਅਜੋਕੀ ਪ੍ਰਸੰਗਿਕਤਾ ਨੂੰ ਦਰਸਾਉਂਦੀਆਂ ਰਚਨਾਵਾਂ ਪੇਸ਼ ਕੀਤੀਆਂ ।
ਮੰਚ 'ਤੇ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ, ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਇ ਅਤੇ 'ਆਪ' ਆਗੂ ਰਵਿੰਦਰ ਪਾਲ ਸਿੰਘ ਪਾਲੀ ਵੀ ਬਿਰਾਜਮਾਨ ਸਨ।

No comments:

Post a Comment