Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Tuesday 8 May 2018

ਸਟੈਡਿੰਗ ਕਮੇਟੀ ਵੱਲੋਂ ਸੰਘ ਪਰਿਵਾਰ ਅਤੇ ਉਸਦੀ ਸ਼ਹਿ ਪ੍ਰਾਪਤ ਅਪਰਾਧੀਆਂ ਵਲੋਂ ਦੇਸ਼ ਭਰ 'ਚ ਕੀਤੇ ਜਾ ਰਹੇ ਜਾਨ ਲੇਵਾ ਹਮਲਿਆਂ ਦਾ ਗੰਭੀਰ ਨੋਟਿਸ

ਜਲੰਧਰ, 8 ਮਈ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਕੇਂਦਰੀ ਸਟੈਡਿੰਗ ਕਮੇਟੀ ਦੀ ਮੀਟਿੰਗ 4 ਅਤੇ 5 ਮਈ ਨੂੰ ਓਂਚੀਅਮ (ਕੇਰਲਾ) ਵਿਖੇ ਸੰਪੰਨ ਹੋਈ। ਕਸਬਾ ਓਂਚੀਅਮ ਆਰਐਮਪੀ ਦੇ ਸੰਸਥਾਪਕ ਸਾਥੀ ਟੀਪੀ ਚੰਦਰਸ਼ੇਖਰਨ ਦੀ ਜਨਮ ਭੂਮੀ ਅਤੇ ਕਰਮ ਭੂਮੀ ਸੀ, ਜਿਨ੍ਹਾਂ ਨੂੰ 4 ਮਈ 2012 ਨੂੰ ਸੀਪੀਆਈ (ਐਮ) ਦੀ ਸ਼ਹਿ ਪ੍ਰਾਪਤ ਅਪਰਾਧੀਆਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ।
ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਚੇਅਰਮੈਨ ਸਾਥੀ ਕੇ ਗੰਗਾਧਰਨ ਵੱਲੋਂ ਕੀਤੀ ਗਈ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੌਮਾਂਤਰੀ ਅਤੇ ਕੌਮੀ ਰਾਜਨੀਤਕ ਹਾਲਾਤ ਬਾਰੇ ਲਿਖਤੀ ਰਿਪੋਰਟ ਪੇਸ਼ ਕੀਤੀ। ਮੀਟਿੰਗ ਦੇ ਫੈਸਲੇ ਪ੍ਰੈਸ ਲਈ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਸੰਘ ਪਰਿਵਾਰ ਅਤੇ ਉਸਦੀ ਸ਼ਹਿ ਪ੍ਰਾਪਤ ਅਪਰਾਧੀਆਂ ਵਲੋਂ ਦੇਸ਼ ਭਰ 'ਚ ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਕਬਾਇਲੀਆਂ, ਜਮਹੂਰੀ ਅਧਿਕਾਰ ਕਾਰਕੁੰਨਾਂ, ਅਗਾਂਹਵਧੂ ਤੇ ਵਿਗਿਆਨਕ ਵਿਚਾਰਾਂ ਵਾਲਿਆਂ 'ਤੇ ਕੀਤੇ ਜਾ ਰਹੇ ਜਾਨ ਲੇਵਾ ਹਮਲਿਆਂ ਦਾ ਮੀਟਿੰਗ ਵਲੋਂ ਗੰਭੀਰ ਨੋਟਿਸ ਲਿਆ ਗਿਆ। ਮੀਟਿੰਗ ਵਲੋਂ ਨੋਟ ਕੀਤਾ ਗਿਆ ਕਿ 2008 'ਚ ਪੈਦਾ ਹੋਇਆ ਆਲਮੀ ਆਰਥਿਕ ਮੰਦਵਾੜਾ, ਜੋ ਸਾਮਰਾਜੀ ਦੇਸ਼ਾਂ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ, ਤੋਂ ਪਾਰ ਪਾਉਣ ਲਈ ਸਾਮਰਾਜੀ ਦੇਸ਼ ਹੋਰ ਵੀ ਖ਼ੂੰਖ਼ਾਰ ਹੋ ਕੇ, ਭਾਰਤ ਸਮੇਤ ਨਵ ਆਜ਼ਾਦ ਹੋਏ ਸਾਰੇ ਦੇਸ਼ਾਂ ਦੇ ਅਵਾਮ ਅਤੇ ਕੁਦਰਤੀ ਖ਼ਜ਼ਾਨਿਆਂ ਦੀ ਬੇਤਹਾਸ਼ਾ ਲੁੱਟ ਵਧੇਰੇ ਤੋਂ ਵਧੇਰੇ ਤਿੱਖੀ ਕਰਨ ਦੇ ਰਾਹ ਪਏ ਹੋਏ ਹਨ। ਮੰਦੇਭਾਗੀ ਇਨ੍ਹਾਂ ਦੇਸ਼ਾਂ ਦੀਆਂ ਹਾਕਮ ਜਮਾਤਾਂ ਦੀਆਂ ਪ੍ਰਤੀਨਿੱਧ ਸਰਕਾਰਾਂ, ਬਿਲਕੁਲ ਭਾਰਤ ਦੀ ਮੋਦੀ ਸਰਕਾਰ ਵਾਂਗੂ ਸਾਮਰਾਜੀਆਂ ਦੀ ਉਕਤ ਮੰਸ਼ਾਂ ਦੀ ਪੂਰਤੀ ਲਈ ਮੋਦੀ-ਮਨਮੋਹਨ ਮਾਰਕਾ ਨੀਤੀਆਂ 'ਤੇ ਅਮਲ ਕਰਨ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ।
ਇਸ ਨੀਤੀ ਚੌਖਟੇ 'ਤੇ ਅਮਲ ਦੇ ਸਿੱਟੇ ਵਜੋਂ ਮਿਹਨਤੀ ਲੋਕਾਂ ਦੀਆਂ ਦੁਸ਼ਵਾਰੀਆਂ 'ਚ ਪਲ ਪਲ ਢੇਰਾਂ ਦੇ ਢੇਰ ਵਾਧਾ ਹੋ ਰਿਹਾ ਹੈ। ਇਹ ਨੀਤੀ ਚੌਖਟਾ ਰੋਜ਼ਗਾਰ ਸਿਰਜਣ ਦੀ ਥਾਂ ਨੌਜਵਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਸਨਅੱਤੀ ਕਾਮਿਆਂ, ਅਸੰਗਠਿਤ ਖੇਤਰ ਦੇ ਕਿਰਤੀਆਂ, ਕਿਸਾਨਾਂ, ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਤੋਂ ਰੋਜ਼ਗਾਰ ਖੋਹਣ ਦਾ ਜ਼ਰੀਆ ਬਣ ਚੁੱਕਾ ਹੈ।
ਉਕਤ ਮਨੁੱਖ ਦੋਸ਼ੀ ਸਾਮਰਾਜੀ ਲੁੱਟ ਖ਼ਿਲਾਫ਼ ਉੱਠਣ ਵਾਲੇ ਸੰਭਾਵਿਤ ਜਨ ਸੰਗਰਾਮਾਂ ਨੂੰ ਸਾਬੋਤਾਜ ਕਰ ਕੇ ਪੁੱਠੀ ਲੀਹ ਤੋਰਨ ਦੀ ਸਾਜ਼ਿਸ਼ ਅਧੀਨ ਸਾਮਰਾਜੀ ਬਘਿਆੜ ਅਤੇ ਉਨ੍ਹਾਂ ਨਾਲ ਘਿਉ ਖਿਚੜੀ ਮੋਦੀ ਹਕੂਮਤ ਜਿਹੀਆਂ ਲੋਕ ਦੋਖੀ ਸਰਕਾਰਾਂ ਨਸਲੀ, ਇਲਾਕਾਈ ਭਾਸ਼ਾਈ, ਧਾਰਮਿਕ ਅਤੇ ਹੋਰ ਫੁੱਟ ਪਾਊ ਅਮਲਾਂ 'ਚ ਗ਼ਲਤਾਨ ਹਨ। ਇਸੇ ਕਰਕੇ ਸਾਮਰਾਜੀ ਲੋਟੂਆਂ ਦੀ ਆਰਥਿਕ ਲੁੱਟ ਅਤੇ ਸਮਾਜੀ ਫ਼ੁੱਟ ਦੇ ਵਰਤਾਰਿਆਂ ਖ਼ਿਲਾਫ਼ ਲੜਾਈ ਨਿੱਖੜਵੀਂ ਨਹੀਂ ਬਲਕਿ ਜੁੜਵੀਂ ਲੜੀ ਜਾਣੀ ਚਾਹੀਦੀ ਹੈ ਅਤੇ ਦੋਹਾਂ ਵਰਤਾਰਿਆਂ 'ਚੋਂ ਕਿਸੇ ਇੱਕ ਖ਼ਿਲਾਫ਼ ਨਰਮੀ ਲੋਕ ਹਿਤੂ ਸੰਗਰਾਮਾਂ ਲਈ ਘਾਤਕ ਹੋਵੇਗੀ। ਮੀਟਿੰਗ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵ ਉਦਾਰਵਾਦੀ ਨੀਤੀਆਂ ਅਤੇ ਫਿਰਕੂ-ਫਾਸ਼ੀਵਾਦੀ, ਮਨੂਵਾਦੀ ਗਤੀਵਿਧੀਆਂ ਵਿਰੁੱਧ ਸੰਗਰਾਮ ਹੋਰ ਤਿੱਖੇ ਤੋਂ ਤਿਖੇਰੇ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ। ਉਕਤ ਮਕਸਦ ਲਈ ਸਭ ਖੱਬੀਆਂ, ਜਮਹੂਰੀ, ਦੇਸ਼ ਭਗਤ, ਸੰਗਰਾਮੀ, ਅਗਾਂਹਵਧੂ ਤੇ ਵਿਗਿਆਨਕ ਧਿਰਾਂ ਦਾ ਮੰਚ ਉਸਾਰਨ ਲਈ ਦੇਸ਼ ਪੱਧਰ 'ਤੇ ਉਪਰਾਲੇ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।
ਮੀਟਿੰਗ ਵਲੋਂ ਲੋਕਾਂ ਨੂੰ ਦੇਸ਼ ਦੀ ਏਕਤਾ, ਸੰਪ੍ਰਭੂਤਾ ਅਤੇ ਆਜ਼ਾਦੀ ਨੂੰ ਸਾਮਰਾਜੀਆਂ ਕੋਲ ਗਹਿਣੇ ਕਰਨ ਦੇ ਯਤਨਾਂ 'ਚ ਤੇਜ਼ੀ ਨਾਲ ਲੱਗੀ ਹੋਈ ਭਾਜਪਾ ਨੂੰ 2019 ਦੀਆਂ ਆਮ ਚੋਣਾਂ 'ਚ ਚਲਦੇ ਕਰਨ ਦਾ ਸੱਦਾ ਦਿੱਤਾ ਗਿਆ।
ਮੀਟਿੰਗ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਸੰਸਾਰ ਕਿਰਤੀ ਲਹਿਰ ਦੇ ਆਗੂ ਅਤੇ ਮਾਰਗ ਦਰਸ਼ਕ ਕਾਰਲ ਮਾਰਕਸ ਦਾ 200ਵਾਂ ਜਨਮ ਦਿਵਸ ਉਪਰੋਕਤ ਨਜ਼ਰੀਏ ਤੋਂ ਸਾਰਾ ਸਾਲ ਦੇਸ਼ ਭਰ 'ਚ ਵੱਖੋ ਵੱਖਰੇ ਢੰਗਾਂ ਨਾਲ ਮਨਾਇਆ ਜਾਵੇਗਾ।

No comments:

Post a Comment