Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 23 February 2018

ਕੇਰਲ 'ਚ ਆਰ ਐੱਮ ਪੀ ਆਈ ਵਰਕਰਾਂ 'ਤੇ ਜ਼ਬਰ ਰੋਕਿਆ ਜਾਵੇ : ਪਾਸਲਾ





ਜਲੰਧਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਦੇ ਆਗੂਆਂ ਨੇ ਇਥੇ ਕੀਤੀ ਪ੍ਰੈੱਸ ਕਾਨਫਰੰਸ ਰਾਹੀਂ ਕੇਰਲਾ ਵਿਚ ਸੀ.ਪੀ.ਆਈ.(ਐੱਮ) ਦੇ ਖਰੂਦੀਆਂ ਵੱਲੋਂ ਸਰਕਾਰੀ ਸ਼ਹਿ 'ਤੇ ਆਰ.ਐੱਮ.ਪੀ.ਆਈ. ਦੇ ਵਰਕਰਾਂ 'ਤੇ ਘਾਤਕ ਹਮਲੇ ਕਰਨ, ਉਹਨਾਂ ਦੇ ਘਰਾਂ ਤੇ ਪਾਰਟੀ ਹਮਦਰਦਾਂ ਦੀਆਂ ਦੁਕਾਨਾਂ 'ਚ ਭੰਨ-ਤੋੜ ਕਰਨ, ਉਨ੍ਹਾਂ ਦੇ ਵਾਹਨਾਂ ਨੂੰ ਅੱਗਾਂ ਲਾਉਣ, ਉਹਨਾਂ ਉਪਰ ਝੂਠੇ ਤੇ ਮਨਘੜਤ ਕੇਸ ਪਾਉਣ, ਜ਼ਿਲ੍ਹਾ ਕਾਲੀਕਟ ਅੰਦਰ ਓਚੀਅਮ ਕਸਬੇ ਵਿਚ ਪਾਰਟੀ ਦਫਤਰ 'ਤੇ ਹਮਲਾ ਕਰਕੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਐੱਨ.ਵੇਨੂੰ ਨੂੰ ਕਤਲ ਕਰਨ ਦਾ ਯਤਨ ਕਰਨ ਅਤੇ ਸ਼ਹੀਦ ਟੀ.ਪੀ. ਚੰਦਰਸ਼ੇਖਰਨ ਦੀ ਯਾਦਗਾਰ ਨੂੰ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਪਾਰਟੀ ਦੀ ਕੇਂਦਰੀ ਕਮੇਟੀ ਨੇ ਸੀ.ਪੀ.ਆਈ.(ਐੱਮ) ਦੇ ਕਾਡਰ ਦੀਆਂ ਲਗਾਤਾਰ ਵੱਧ ਰਹੀਆਂ ਘਾਤਕ ਵਧੀਕੀਆਂ ਦਾ ਗੰਭੀਰਤਾ ਸਹਿਤ ਨੋਟਿਸ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੁੰਡੇ ਸਾਡੀ ਪਾਰਟੀ ਦੇ ਵਰਕਰਾਂ ਦੇ ਪਰਵਾਰਾਂ ਦੀਆਂ ਮਹਿਲਾਵਾਂ ਤੇ ਬੱਚੀਆਂ ਨਾਲ  ਵੀ ਬਹੁਤ ਹੀ ਅਪਮਾਨਜਨਕ ਵਰਤਾਓ ਕਰਦੇ ਹਨ। ਵਿਸ਼ੇਸ਼ ਤੌਰ 'ਤੇ ਉਹ ਸ਼ਹੀਦ ਚੰਦਰਸ਼ੇਖਰਨ ਦੀ ਪਤਨੀ ਕਾਮਰੇਡ ਕੇ.ਕੇ. ਰੇਮਾ, ਜੋ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਹੈ, ਵਿਰੁੱਧ ਸੋਸ਼ਲ ਮੀਡੀਏ 'ਤੇ ਬਹੁਤ ਹੀ ਬੇਹੂਦਾ ਤੇ ਘਟੀਆ ਕਿਸਮ ਦਾ ਭੰਡੀ ਪ੍ਰਚਾਰ ਕਰ ਰਹੇ ਹਨ। ਇਸ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਸੀ.ਪੀ.ਆਈ.(ਐੱਮ) ਦੇ ਅਜਿਹੇ ਅਨਸਰਾਂ ਦੀਆਂ ਇਨ੍ਹਾਂ ਵਧੀਕੀਆਂ ਨੂੰ ਰੋਕਣ ਵਾਸਤੇ ਸੀ.ਪੀ.ਆਈ (ਐੱਮ) ਦੇ ਜ਼ਿੰਮੇਵਾਰ ਆਗੂਆਂ ਨੂੰ ਵਾਰ-ਵਾਰ ਅਪੀਲਾਂ ਕੀਤੀਆਂ ਗਈਆਂ ਹਨ, ਪ੍ਰੰਤੂ ਇਸ ਦਰਿੰਦਗੀ ਵਿਚ ਕੋਈ ਕਮੀ ਨਹੀਂ ਆ ਰਹੀ। ਸਿੱਟੇ ਵਜੋਂ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਪਾਰਟੀ ਦੇ ਇਕ ਦਰਜਨ ਦੇ ਕਰੀਬ ਵਰਕਰ ਅੱਜ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ ਅਤੇ 14 ਸਾਥੀ ਝੂਠੇ ਕੇਸਾਂ ਅਧੀਨ ਜੇਲ੍ਹਾਂ ਵਿਚ ਬੰਦ ਹਨ।
ਕਾਮਰੇਡ ਪਾਸਲਾ ਨੇ ਕਿਹਾ ਕਿ ਆਰ.ਐੱਮ.ਪੀ.ਆਈ. ਮਹਿਸੂਸ ਕਰਦੀ ਹੈ ਕਿ ਸੰਘ ਪਰਵਾਰ ਦੇ ਨਿਰੰਤਰ ਵੱਧ ਰਹੇ ਫਿਰਕੂ ਫਾਸ਼ੀਵਾਦ ਅਤੇ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਕਾਰਨ ਕਿਰਤੀ ਲੋਕਾਂ ਦੀਆਂ ਦਿਨੋਂ-ਦਿਨ ਵਧੇਰੇ ਵਿਕਰਾਲ ਹੁੰਦੀਆਂ ਜਾ ਰਹੀਆਂ ਮੁਸੀਬਤਾਂ ਵਿਰੁੱਧ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਇਕਜੁੱਟ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਮੰਤਵ ਲਈ ਪਾਰਟੀ ਵੱਲੋਂ ਸਿਰਤੋੜ ਯਤਨ ਵੀ ਕੀਤੇ ਜਾ ਰਹੇ ਹਨ ਅਤੇ ਆਪਣੀ ਸਮਰੱਥਾ ਅਨੁਸਾਰ ਜਨਤਕ ਲਾਮਬੰਦੀ ਵੀ ਕੀਤੀ ਜਾ ਰਹੀ ਹੈ, ਜਦੋਂਕਿ ਕੇਰਲਾ ਵਿਚ ਸੀ.ਪੀ.ਆਈ.(ਐੱਮ), ਇਸਦੇ ਉਲਟ ਸਾਡੇ ਉਪਰ ਘਾਤਕ ਹਮਲੇ ਕਰ ਰਹੀ ਹੈ ਅਤੇ ਸਾਡੀ ਪਾਰਟੀ ਨੂੰ ਤੋੜਨ ਲਈ ਯਤਨਸ਼ੀਲ ਹੈ। ਖੱਬੀਆਂ ਸ਼ਕਤੀਆਂ ਨੂੰ ਢਾਅ ਲਾਉਣ ਵਾਲੀ ਉਸਦੀ ਇਸ ਪਹੁੰਚ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਨ ਲਈ ਹੀ ਅਸੀਂ ਪਿਛਲੇ ਦਿਨੀਂ 21 ਫਰਵਰੀ ਨੂੰ ਦਿੱਲੀ ਵਿਖੇ ਸੀ.ਪੀ.ਆਈ. (ਐੱਮ) ਦੇ ਕੇਂਦਰੀ ਦਫਤਰ ਸਾਹਮਣੇ ਇਕ ਧਰਨਾ ਤੇ ਰੋਸ ਮੁਜ਼ਾਹਰਾ ਵੀ ਕੀਤਾ ਸੀ। ਇਸ ਧਰਨੇ ਵਿੱਚ ਆ ਕੇ ਸਾਡੀ ਗੱਲ ਸੁਣਨ ਦੀ ਬਜਾਇ ਸਾਡੇ 'ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਸਾਡੀ ਪਾਰਟੀ ਆਰ ਐੱਸ ਐੱਸ ਦੇ ਹੱਕ ਵਿੱਚ ਭੁਗਤ ਰਹੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕੇਰਲ 'ਚ ਸੀ ਪੀ ਆਈ (ਐੱਮ) ਵੱਲੋਂ ਵਿਰੋਧੀਆਂ 'ਤੇ ਕੀਤੇ ਜਾ ਕਾਤਲਾਨਾ ਹਮਲਿਆਂ ਦੀ ਪੁਸ਼ਟੀ ਲਈ 23 ਫਰਵਰੀ ਦੇ ਇੰਡੀਅਨ ਐਕਸਪ੍ਰੈੱਸ ਅਖਬਾਰ ਵਿੱਚ ਛਪੀ ਇੱਕ ਖਬਰ ਦੀਆਂ ਕਾਪੀਆਂ ਵੀ ਵੰਡੀਆਂ, ਜਿਸ ਵਿੱਚ ਪਾਰਟੀ ਦੇ ਇੱਕ ਅਜਿਹੇ ਯੂਥ ਆਗੂ ਅਕਾਸ਼, ਜਿਸ ਦੀ ਤਸਵੀਰ ਪਾਰਟੀ ਦੇ ਜ਼ਿਲ੍ਹਾ ਸਕੱਤਰ ਨਾਲ ਛਾਪੀ ਗਈ ਹੈ, ਬਾਰੇ ਦੱਸਿਆ ਗਿਆ ਹੈ, ਜਿਸ ਨੂੰ ਯੂਥ ਕਾਂਗਰਸ ਆਗੂ ਐੱਸ ਪੀ ਸੁਹੈਬ ਦੇ ਕਤਲ ਦੇ ਦੋਸ਼ ਵਿੱਚ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਅਕਾਸ਼ ਉਪਰ ਇੱਕ ਹੋਰ ਰਾਜਸੀ ਕਤਲ ਤੋਂ ਇਲਾਵਾ ਬੰਬ ਹਮਲੇ ਤੇ ਰਾਜਸੀ ਵਿਰੋਧੀਆਂ 'ਤੇ ਮਾਰੂ ਹਮਲਿਆਂ ਦੇ ਕਈ ਕੇਸ ਦਰਜ ਹਨ।
ਕਾਮਰੇਡ ਪਾਸਲਾ ਨੇ ਦੱਸਿਆ ਕਿ ਇਸ ਅਕਾਸ਼ ਨਾਂਅ ਦੇ ਯੂਥ ਆਗੂ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਹੈ, ਜਿਸ ਵਿੱਚ ਉਹ ਭੜਕਾਊ ਨਾਅਰੇ ਲਾਉਂਦਿਆਂ ਇੱਕ ਸਿਆਸੀ ਵਿਰੋਧੀ ਦੇ ਕਤਲ ਦਾ ਹਵਾਲਾ ਦਿੰਦਿਆਂ ਆਖ ਰਿਹਾ ਹੈ ਕਿ ਜਿਸ ਚਾਕੂ ਨਾਲ ਉਹ ਕਤਲ ਕੀਤਾ ਗਿਆ ਸੀ, ਉਹ ਨਾ ਤਾਂ ਅਰਬ ਸਾਗਰ ਵਿੱਚ ਸੁੱਟਿਆ ਹੈ ਤੇ ਨਾ ਹੀ ਉਸ ਨੂੰ ਜੰਗਾਲ ਲੱਗਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਸੀ ਪੀ ਆਈ (ਐੱਮ) ਦੀ ਕੇਂਦਰੀ ਲੀਡਰਸ਼ਿਪ ਤੋਂ ਮੰਗ ਹੈ ਕਿ ਕੇਰਲ ਵਿੱਚ ਆਰ ਐੱਮ ਪੀ ਆਈ ਦੇ ਵਰਕਰਾਂ ਤੇ ਆਗੂਆਂ 'ਤੇ ਹਮਲੇ 'ਤੇ ਵਧੀਕੀਆਂ ਬੰਦ ਕੀਤੀਆਂ ਜਾਣ। ਕਾਮਰੇਡ ਪਾਸਲਾ ਨੇ ਦੱਸਿਆ ਕਿ ਸਾਡੀ ਕੇਂਦਰੀ ਕਮੇਟੀ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਆਉਂਦੇ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਨੂੰ ਕੇਰਲਾ ਦੇ ਸਾਥੀਆਂ ਨਾਲ ਹੋ ਰਹੀ ਇਸ ਵਧੀਕੀ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਕੇ ਉਨ੍ਹਾਂ ਨਾਲ ਇਕਜੁੱਟਤਾ ਦਿਵਸ ਵਜੋਂ ਮਨਾਇਆ ਜਾਵੇਗਾ। ਇਕ ਹੋਰ ਫੈਸਲੇ ਰਾਹੀਂ ਮੋਦੀ ਸਰਕਾਰ ਦੀਆਂ ਸਾਮਰਾਜੀਆਂ ਨਾਲ ਗੂੜ੍ਹੀਆਂ ਹੁੰਦੀਆਂ ਜਾ ਰਹੀਆਂ ਸਾਂਝਾਂ ਅਤੇ ਦੇਸ਼ ਦੀ ਏਕਤਾ-ਅਖੰਡਤਾ ਨੂੰ ਤੋੜਨ ਵਾਲੀਆਂ ਉਸ ਦੀਆਂ ਫਿਰਕੂ ਤੇ ਲੋਕਾਂ ਨੂੰ ਤਬਾਹ ਕਰਨ ਵਾਲੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਪਾਰਟੀ ਵੱਲੋਂ 23 ਤੋਂ 31 ਮਾਰਚ ਤੱਕ ਦੇਸ਼ ਭਰ ਵਿਚ ਵਿਸ਼ਾਲ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ। ਪ੍ਰੈੱਸ ਕਾਨਫਰੰਸ ਦੌਰਾਨ ਸਾਥੀ ਪਾਸਲਾ ਤੋਂ ਇਲਾਵਾ ਆਰ.ਐਮ.ਪੀ.ਆਈ. ਦੇ ਸੂਬਾਈ ਸਕੱਤਰ ਕਾਮਰੇਡ ਹਰਕੰਵਲ ਸਿੰਘ, ਕਾਮਰੇਡ ਰਘਬੀਰ ਸਿੰਘ, ਕਾਮਰੇਡ ਗੁਰਨਾਮ ਸਿੰਘ ਦਾਊਦ, ਕਾਮਰੇਡ ਕੁਲਵੰਤ ਸਿੰਘ ਸੰਧੂ, ਕਾਮਰੇਡ ਮਹੀਪਾਲ (ਸਾਰੇ ਕੇਂਦਰੀ ਕਮੇਟੀ ਮੈਂਬਰ) ਵੀ ਹਾਜ਼ਰ ਸਨ।

No comments:

Post a Comment