Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Monday 25 December 2017

24 ਤੋਂ 31 ਮਾਰਚ ਤੱਕ ਸੂਬੇ ਦੇ ਸਮੂਹ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਰੋਸ ਮੁਜ਼ਾਹਰੇ ਕਰਨ ਦਾ ਐਲਾਨ

ਸਾਥੀ ਰਤਨ ਸਿੰਘ ਰੰਧਾਵਾ ਨੂੰ ਪ੍ਰਧਾਨ ਤੇ ਸਾਥੀ ਲਾਲ ਚੰਦ ਕਟਾਰੂਚੱਕ ਨੂੰ ਖਜਾਨਚੀ ਚੁਣਿਆ 

ਜਲੰਧਰ, 25 ਦਸੰਬਰ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਖਿਲਾਫ ਜ਼ੋਰਦਾਰ ਲੋਕ-ਲਾਮਬੰਦੀ ਕਰਦੇ ਹੋਏ 29 ਦਸੰਬਰ ਨੂੰ ਥਾਂ ਪੁਰ ਥਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਪੁਤਲੇ ਫੂਕੇ ਜਾਣਗੇ। ਉਕਤ ਫੈਸਲਾ ਸਾਥੀ ਗੁਰਨਾਮ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ, ਜਲੰਧਰ ਸੂਬਾਈ ਦਫਤਰ ਵਿਖੇ ਸੰਪਨ ਹੋਈ, ਪਾਰਟੀ ਦੀ ਪੰਜਾਬ ਰਾਜ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਲੋਂ ਇਸ ਗੱਲ 'ਤੇ ਸਖਤ ਰੋਸ ਪ੍ਰਗਟ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ, ਫਰਵਰੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਜਾਬ ਵਾਸੀਆਂ ਨਾਲ ਕੀਤੇ ਗਏ ਚੋਣ ਵਾਅਦਿਆਂ ਦੇ ਐਨ ਉਲਟ ਦਿਸ਼ਾ ਵਿਚ ਅਮਲ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਉਚੇਚੀ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਲੋਂ ਕੌਮਾਤਰੀ, ਕੌਮੀ ਅਤੇ ਸੂਬਾਈ ਰਾਜਸੀ ਅਵਸਥਾ ਤੇ ਪਾਰਟੀ ਅਤੇ ਖੱਬੀ ਲਹਿਰ ਸਨਮੁੱਖ ਚੁਣੌਤੀਆਂ ਬਾਰੇ ਵਿਸਥਾਰ 'ਚ ਚਾਨਣਾ ਪਾਇਆ ਗਿਆ।
ਮੀਟਿੰਗ ਦੇ ਫੈਸਲੈ ਜਾਰੀ ਕਰਦਿਆਂ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਬਿਜਲੀ ਖਰੀਦ ਦੇ ਸਮਝੌਤੇ ਰੱਦ ਕਰਨ, ਸਰਕਾਰੀ ਮਾਲਕੀ ਵਾਲੇ ਸਾਰੇ ਥਰਮਲਾਂ ਨੂੰ ਹਰ ਹੀਲੇ ਚਲਦਾ ਰੱਖਣ, ਹਰ ਪਰਵਾਰ ਵਿਚ ਘੱਟੋ ਘੱਟ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਵਿਦਿਅਕ ਢਾਂਚੇ 'ਚ ਲੋਕ ਪੱਖੀ ਸੁਧਾਰ ਕਰਨ, ਪਿਛਲੀ ਗਠਜੋੜ ਸਰਕਾਰ ਦੀ ਸ਼ਹਿ 'ਤੇ ਸੂਬਾ ਵਾਸੀਆਂ ਨੂੰ ਲੁੱਟ ਅਤੇ ਕੁੱਟ ਰਹੇ ਤਰ੍ਹਾਂ-ਤਰ੍ਹਾਂ ਦੇ ਮਾਫੀਆ ਗਿਰੋਹਾਂ ਤੇ ਨਸ਼ਾ ਤਸਕਰਾਂ ਨੂੰ ਜੇਲ੍ਹੀਂ ਡੱਕਣ, ਕਿਸਾਨਾਂ-ਖੇਤ ਮਜ਼ਦੂਰਾਂ ਦੇ ਕਰਜ਼ਿਆਂ 'ਤੇ ਲੀਕ ਮਾਰ ਕੇ ਖੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਵਰਗੇ ਪੰਜਾਬ ਸਰਕਾਰ ਦੇ ਵਾਅਦੇ ਉਵੇਂ ਹੀ ਝੂਠ ਦਾ ਪੁਲੰਦੇ ਸਾਬਤ ਹੋਏ ਹਨ ਜਿਵੇਂ ਕੇਂਦਰ ਦੀ ਮੋਦੀ  ਸਰਕਾਰ ਦੇ ਚੋਣ ਵਾਅਦੇ ਨਿਰੋਲ ਜ਼ੁਮਲੇਬਾਜ਼ੀ ਹੀ ਸਾਬਤ ਹੋਏ ਸਨ।
ਮੀਟਿੰਗ ਵਲੋਂ ਪਾਰਟੀ ਦੀ ਪਲੇਠੀ ਕੁਲ ਹਿੰਦ ਕਾਨਫਰੰਸ ਵਿਚ ਪ੍ਰਵਾਨ ਕੀਤੇ ਗਏ ਸੰਵਿਧਾਨ ਦੀਆਂ ਸੇਧਾਂ ਅਨੁਸਾਰ ਨਵੇਂ ਸੂਬਾਈ ਸਕੱਤਰੇਤ ਦੀ ਚੋਣ ਕੀਤੀ ਗਈ ਅਤੇ ਸਾਥੀ ਰਤਨ ਸਿੰਘ ਰੰਧਾਵਾ ਨੂੰ ਪ੍ਰਧਾਨ ਤੇ ਸਾਥੀ ਲਾਲ ਚੰਦ ਕਟਾਰੂਚੱਕ ਨੂੰ ਖਜਾਨਚੀ ਚੁਣਿਆ ਗਿਆ।
ਉਨ੍ਹਾਂ ਕਿਹਾ ਕਿ ਪਾਰਟੀ ਉਕਤ ਨੀਤੀ ਚੌਖਟੇ ਦੇ ਮੁਕਾਬਲੇ, ਬਦਲਵੀਆਂ ਲੋਕ ਪੱਖੀ ਨੀਤੀਆਂ 'ਤੇ ਅਧਾਰਤ ''ਲੋਕਾਂ ਦੇ ਪੱਖ ਦਾ ਹਕੀਕੀ ਬਦਲ ਉਸਾਰੋ'' ਮੁਹਿੰਮ ਚਲਾਏਗੀ, ਜਿਸ ਤਹਿਤ ਤਿੰਨ ਮਹੀਨੇ ਲਗਾਤਾਰ ਵੱਖੋ ਵੱਖ ਢੰਗਾਂ ਦੀ ਲੋਕ ਲਾਮਬੰਦੀ ਕਰਦੇ ਹੋਏ 24 ਤੋਂ 31 ਮਾਰਚ ਤੱਕ ਸੂਬੇ ਦੇ ਸਮੂਹ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਰੋਸ ਮੁਜ਼ਾਹਰੇ ਕੀਤੇ ਜਾਣਗੇ।
êਾਰਟੀ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਮੁਹਿੰਮ ਦੌਰਾਨ ਕੱਟੜ ਹਿੰਦੂ ਰਾਸ਼ਟਰ ਦੀ ਕਾਇਮੀ ਲਈ ਯਤਨਸ਼ੀਲ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਹੱਥਠੋਕਾ, ਕੇਂਦਰ ਦੀ ਮੋਦੀ ਹਕੂਮਤ ਵਲੋਂ ਵਰਤਾਈ ਜਾ ਰਹੀ ਫਿਰਕੂ ਨਫਰਤ ਅਤੇ ਹਿੰਸਾ, ਘੱਟ ਗਿਣਤੀਆਂ, ਔਰਤਾਂ, ਦਲਿਤਾਂ, ਅਗਾਂਹਵਧੂ, ਵਿਗਿਆਨਕ ਜਮਹੂਰੀ ਅਧਿਕਾਰ ਕਾਰਕੁੰਨਾਂ, ਬੁੱਧੀਜੀਵੀਆਂ ਤੇ ਕੀਤੇ ਜਾ ਰਹੇ ਕਾਤਿਲਾਨਾ ਹਮਲਿਆਂ ਖਿਲਾਫ਼ ਵੀ ਪੁਰਜ਼ੋਰ ਲਾਮਬੰਦੀ ਦੇ ਉਪਰਾਲੇ ਕੀਤੇ ਜਾਣਗੇ।
ਉਪਰੋਕਤ ਮੁਹਿੰਮ ਦੀ ਸਫਲਤਾ ਲਈ ਪਾਰਟੀ ਸਮੂਹ ਖੱਬੀਆਂ, ਜਮਹੂਰੀ, ਦੇਸ਼ ਭਗਤ ਤੇ ਸੰਗਰਾਮੀ ਸ਼ਕਤੀਆਂ ਨੂੰ ਇਕ ਮੰਚ 'ਤੇ ਇਕਜੁਟ ਕਰਨ ਲਈ ਪੂਰਾ ਤਾਣ ਲਾਵੇਗੀ।
ਮੀਟਿੰਗ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਆਬਾਦਕਾਰਾਂ, ਕਿਸਾਨਾਂ-ਖੇਤ ਮਜ਼ਦੂਰਾਂ, ਥਰਮਲ ਕਾਮਿਆਂ ਨਜਾਇਜ਼ ਖਣਨ (ਮਾਇਨਿੰਗ) ਵਿਰੋਧੀ ਸੰਗਰਾਮੀ ਲੋਕਾਂ, ਠੇਕਾ ਮੁਲਾਜ਼ਮਾਂ ਅਤੇ ਕਾਲੇ ਕਾਨੂੰਨ ਵਿਰੋਧੀ ਸੰਗਰਾਮੀਆਂ ਦੇ ਘੋਲਾਂ ਲਈ ਹਰ ਕਿਸਮ ਦਾ ਭੌਤਕ ਨੈਤਿਕ ਸਮਰਥਨ ਜੁਟਾਉਣ ਦਾ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਦੇ ਸ਼ੁਰੂ ਵਿਚ ਮਿਸਾਲੀ ਕਮਿਊਨਿਸਟ ਤੇ ਟਰੇਡ ਯੂਨੀਅਨ ਸਾਥੀ ਸਾਧੂ ਰਾਮ ਪਾਹਲੇਵਾਲ, ਪ੍ਰਸਿੱਧ ਕੌਮਾਤਰੀ ਤੇ ਕੌਮੀ ਟਰੇਡ ਯੂਨੀਅਨ ਆਗੂ ਸਾਥੀ ਸੁਕੋਮਲ ਸੇਨ, ਹੋਰਨਾਂ ਪਾਰਟੀ ਆਗੂਆਂ ਅਤੇ ਪਰਿਵਾਰਕ ਮੈਂਬਰਾਂ ਦੇ ਵਿਛੋੜੇ 'ਤੇ ਦੋ ਮਿੰਟ ਮੌਨ ਖੜੋ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

(ਹਰਕੰਵਲ ਸਿੰਘ)

No comments:

Post a Comment