Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 31 May 2017

ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 19 ਜੂਨ ਤੋਂ 24 ਜੂਨ ਤਕ ਲੋਕ-ਲਾਮਬੰਦੀ ਸਪਤਾਹ ਮਨਾਉਣ ਦਾ ਸੱਦਾ

ਜਲੰਧਰ , 31 ਮਈ - ਕਾਂਗਰਸੀ ਹਾਕਮਾਂ ਵਲੋਂ ਅਸੈਂਬਲੀ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਾਉਣ ਲਈ ਅਤੇ ਦੇਸ਼ ਭਰ ਵਿਚ ਦਲਿਤਾਂ ਉਪਰ ਹੋ ਰਹੇ ਜ਼ੁਲਮਾਂ ਵਿਰੁੱਧ ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) 19 ਜੂਨ ਤੋਂ 24 ਜੂਨ ਤਕ ਇਕ ਲੋਕ-ਲਾਮਬੰਦੀ ਸਪਤਾਹ ਮਨਾਏਗੀ। ਇਸ ਹਫਤੇ ਦੌਰਾਨ ਪੰਜਾਬ ਭਰ ਵਿਚ ਤਹਿਸੀਲ ਪੱਧਰ ਦੇ ਜਨਤਕ ਮੁਜ਼ਾਹਰੇ ਅਤੇ ਧਰਨੇ ਜਥੇਬੰਦ ਕੀਤੇ ਜਾਣਗੇ, ਜਿੱਥੇ ਕਾਂਗਰਸ ਪਾਰਟੀ ਵਲੋਂ ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਬੁਢਾਪਾ ਪੈਨਸ਼ਨਾਂ ਦੀ ਰਾਸ਼ੀ 3000 ਰੁਪਏ ਪ੍ਰਤੀ ਮਹੀਨਾ ਕਰਨ, ਬੇਘਰੇ ਲੋਕਾਂ ਨੂੰ ਰਿਹਾਇਸ਼ੀ ਪਲਾਟ ਦੇਣ ਅਤੇ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੇ ਕੀਤੇ ਵਾਅਦੇ ਪੂਰੇ ਕਰਾਉਣ ਲਈ ਜਨਤਕ ਦਬਾਅ ਪਾਇਆ ਜਾਵੇਗਾ। ਇਸਦੇ ਨਾਲ ਹੀ ਮੋਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਸੰਘ ਪਰਿਵਾਰ ਦੇ ਮੈਂਬਰਾਂ ਦੀ ਸ਼ਹਿ 'ਤੇ ਅਤੇ ਉਚ ਜਾਤੀਆਂ ਦੇ ਧਨਾਢਾਂ ਵਲੋਂ ਦਲਿਤਾਂ ਉਪਰ ਵੱਧ ਰਹੇ ਹਮਲਿਆਂ ਦੇ ਖਿਲਾਫ਼ ਸਮੁੱਚੇ ਮਿਹਨਤਕਸ਼ ਤੇ ਜਮਹੂਰੀ ਲੋਕਾਂ ਨੂੰ ਜੋਰਦਾਰ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਜਾਵੇਗਾ।
ਇਹ ਜਾਣਕਾਰੀ ਅੱਜ ਏਥੇ ਕਾਮਰੇਡ ਮੰਗਤ ਰਾਮ ਪਾਸਲਾ, ਜਨਰਲ ਸਕੱਤਰ, ਆਰ.ਐਮ.ਪੀ.ਆਈ. ਨੇ ਸੂਬਾ ਸਕੱਤਰੇਤ ਦੀ ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਦਿੱਤੀ। ਮੀਟਿੰਗ ਦੀ ਪ੍ਰਧਾਨਗੀ ਸਾਥੀ ਭੀਮ ਸਿੰਘ ਆਲਮਪੁਰ ਨੇ ਕੀਤੀ। ਸਾਥੀ ਪਾਸਲਾ ਨੇ ਕਿਹਾ ਕਿ ਇਸ ਲੋਕ-ਲਾਮਬੰਦੀ ਸਪਤਾਹ ਦੀ ਤਿਆਰੀ ਲਈ ਸਾਰੇ ਜਿਲਿਆਂ ਅੰਦਰ ਪਿੰਡ-ਪੱਧਰੀ ਮੀਟਿੰਗਾਂ ਤੇ ਜਥਾ ਮਾਰਚ ਤਰੰਤ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਯੋਜਨਾਬੱਧ ਢੰਗ ਨਾਲ ਦੇਸ਼ ਦੀਆਂ ਧਰਮ ਨਿਰਪੱਖ ਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਮਧੋਲ ਕੇ ਆਰ.ਐਸ.ਐਸ. ਦੇ 'ਹਿੰਦੂ ਰਾਸ਼ਟਰ' ਕਾਇਮ ਕਰਨ ਦੇ ਏਜੰਡੇ ਉਪਰ ਕੰਮ ਕਰ ਰਹੀ ਹੈ। ਦਲਿਤਾਂ, ਘੱਟ ਗਿਣਤੀਆਂ, ਆਦਿਵਾਸੀਆਂ ਤੇ ਜਮਹੂਰੀ ਸ਼ਕਤੀਆਂ ਉਪਰ ਵੱਧ ਰਹੇ ਹਮਲੇ ਇਸਦਾ ਸਪੱਸ਼ਟ ਸੰਕੇਤ ਹਨ। ਯੂਪੀ ਦੇ ਸਹਾਰਨਪੁਰ ਨੇੜੇ ਸ਼ਬੀਰਪੁਰ ਪਿੰਡ ਵਿਖੇ ਦਲਿਤਾਂ ਉਪਰ ਢਾਇਆ ਗਿਆ ਬਰਬਰਤਾ ਭਰਪੂਰ ਜਬਰ ਇਸਦੀ ਮੁੰਹ ਬੋਲਦੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਵਿਕਾਸ ਬਾਰੇ ਵਾਰ ਵਾਰ ਝੂਠ ਬੋਲਕੇ ਜਨ ਸਮੂਹਾਂ ਨੂੰ ਗੁਮਰਾਹ ਕਰ ਰਿਹਾ ਹੈ ਜਦਕਿ ਉਸਦੀ ਸਰਕਾਰ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਨਾਲ ਮਿਹਨਤਕਸ਼ ਲੋਕਾਂ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ  ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਕਰਜ਼ੇ ਦੇ ਭਾਰ ਹੇਠਾਂ ਦੱਬੇ ਹੋਏ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੁਆਰਾ ਰੋਜ਼ ਹੀ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇਸ਼ ਦੀ ਨਿਘਰਦੀ ਜਾ ਰਹੀ ਆਰਥਿਕ ਸਥਿਤੀ ਤੇ ਖੇਤੀ ਸੰਕਟ ਦੀ ਮੂੰਹ ਬੋਲਦੀ ਤਸਵੀਰ ਹਨ।
ਆਰ.ਐਮ.ਪੀ.ਆਈ. ਨੇ ਫੈਸਲਾ ਕੀਤਾ ਹੈ ਕਿ ਝੂਠੇ ਲਾਅਰੇ ਲਾ ਕੇ ਪੰਜਾਬ ਦੀ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੀਤੀਆਂ ਦੇ ਪੱਖ ਤੋਂ ਅਕਾਲੀ ਦਲ-ਭਾਜਪਾ ਸਰਕਾਰ ਤੋਂ ਬਿਲਕੁਲ ਭਿੰਨ ਨਹੀਂ ਹੈ। ਆਪਣੇ ਚਹੇਤਿਆਂ ਲਈ ਰੇਤੇ-ਬਜਰੀ ਦੀ ਕੀਤੀ ਨਿਲਾਮੀ ਨਾਲ ਰੇਤ ਦੀਆਂ ਕੀਮਤਾਂ ਅਸਮਾਨੇ ਚੜ੍ਹ ਗਈਆਂ ਹਨ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਇਸ ਵਿਸ਼ੇ 'ਤੇ ਸਕੈਂਡਲ ਪੂਰੀ ਤਰ੍ਹਾਂ ਬੇਪਰਦ ਹੋਇਆ ਹੈ ਇਸ ਲਈ ਉਸ ਨੂੰ ਤੁਰੰਤ ਮੰਤਰੀ ਮੰਡਲ 'ਚੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।  ਚੋਣ ਵਾਅਦੇ ਪੂਰੇ ਕਰਨ ਦੀ ਥਾਂ ਅਮਰਿੰਦਰ ਸਿੰਘ ਸਰਕਾਰ ਬਹਾਨੇਬਾਜ਼ੀਆਂ 'ਤੇ ਉਤਰ ਆਈ ਹੈ। ਕਾਂਗਰਸੀ ਆਗੂਆਂ ਵਲੋਂ ਦਲਿਤਾਂ ਨੂੰ ਅਲਾਟ ਹੋਏ ਪਲਾਟਾਂ ਨੂੰ ਜਬਰੀ ਖੋਹਿਆ ਜਾ ਰਿਹਾ ਹੈ ਤੇ ਪੁਲਸ ਤੰਤਰ ਨੂੰ ਆਪਣੇ ਹਿਤਾਂ ਅਨੁਸਾਰ ਵਰਤਣ ਦੀ ਕਵਾਇਦ ਸ਼ੁਰੂ ਹੋ ਗਈ ਹੈ।
ਸਕੱਤਰੇਤ ਨੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਦੌਲੋਵਾਲ ਵਿਖੇ ਸੈਂਚੁਰੀ ਪਲਾਈਬੋਰਡ ਫੈਕਟਰੀ ਵਿਰੁਧ ਚਲ ਰਹੇ ਜਨਤਕ ਸੰਘਰਸ਼ ਦਾ ਜੋਰਦਾਰ ਸਮਰਥਨ ਕੀਤਾ ਅਤੇ ਮੰਗ ਕੀਤੀ ਕਿ ਪ੍ਰਦੂਸ਼ਣ ਦੇ ਸਰੋਤ ਵਜੋਂ ਉਸਾਰੀ ਜਾ ਰਹੀ ਇਸ ਫੈਰਟਰੀ ਦੀ ਉਸਾਰੀ ਤੁਰੰਤ ਰੋਕੀ ਜਾਵੇ।
ਸਾਥੀ ਪਾਸਲਾ ਨੇ ਅੱਗੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ਤੇ ਫਿਰਕਾਪ੍ਰਸਤੀ ਨੂੰ ਹਵਾ ਦੇਣ ਵਾਲੀ ਸੰਕੀਰਨ ਸੋਚ ਵਿਰੁੱਧ ਅਤੇ ਦਲਿਤਾਂ ਵਿਰੁੱਧ ਵੱਧ ਰਹੇ ਅਤਿਆਚਾਰਾਂ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ ਤੇ ਜਨਤਕ ਰੋਹ ਨੂੰ ਪ੍ਰਚੰਡ ਕੀਤਾ ਜਾਵੇਗਾ। ਸਾਥੀ ਪਾਸਲਾ ਨੇ ਪੰਜਾਬ ਦੇ ਸਮੂਹ ਮਿਹਨਤਕਸ਼ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪ੍ਰਤੀਰੋਧ ਦੀ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਪੰਜਾਬ ਸਰਕਾਰ ਨੂੰ ਚੋਣ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ।
ਜਾਰੀ ਕਰਤਾ

                                                                                                                              (ਰਵੀ ਕੰਵਰ)                  
                                                                                                                          ਦਫਤਰ ਸਕੱਤਰ

No comments:

Post a Comment