Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 30 October 2019

ਯੂਰਪੀਅਨ ਯੂਨੀਅਨ ਦੇ ਪਾਰਲੀਮੈਂਟ ਮੈਂਬਰਾਂ ਨੂੰ ਜੰਮੂ-ਕਸ਼ਮੀਰ ਦੀ ''ਸ਼ਾਂਤ ਤੇ ਕਾਬੂ ਹੇਠ ਸਥਿਤੀ'' ਦਿਖਾਉਣ ਦੀ ਨਿਖੇਧੀ

ਜਲੰਧਰ; 30 ਅਕਤੂਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵਲੋਂ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਮੋਦੀ-ਸ਼ਾਹ ਹੁਕੂਮਤ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਆਪਣੀਆਂ ਅਸੰਵਿਧਾਨਕ ਕਾਰਵਾਈਆਂ ਨੂੰ ਜਾਇਜ਼ ਸਿੱਧ ਕਰਨ ਲਈ ਕੀਤੀ ਜਾ ਰਹੀ ਅਨੈਤਿਕ ਕਵਾਇਦ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਅੱਜ ਇਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ''ਸਭ ਅੱਛਾ ਹੈ'' ਸਿੱਧ ਕਰਨ ਦੀ ਕੋਝੀ ਸਾਜਿਸ਼ ਅਧੀਨ ਮੋਦੀ-ਸ਼ਾਹ ਜੋੜੀ ਨੇ ਯੂਰਪੀਅਨ ਯੂਨੀਅਨ ਦੇ ਵੱਖ-ਵੱਖ ਦੇਸ਼ਾਂ 'ਚੋਂ 27 ਪਾਰਲੀਮੈਂਟ ਮੈਂਬਰਾਂ ਨੂੰ ਇਕ ਨਾਮ ਨਿਹਾਦ ਗੈਰ ਸਰਕਾਰੀ ਸੰਸਥਾ ਰਾਹੀਂ ਜੰਮੂ-ਕਸ਼ਮੀਰ ਦਾ 29-30 ਅਕਤੂਬਰ ਨੂੰ ਦੌਰਾ ਕਰਨ ਦੀ ਇਜਾਜ਼ਤ ਦਿੱਤੀ ਹੈ। ਇਨ੍ਹਾਂ ਸਾਂਸਦਾਂ 'ਚ ਜ਼ਿਆਦਾਤਰ ਸੱਜੇ ਪੱਖੀ ਰਾਜਸੀ ਪਾਰਟੀਆਂ ਨਾਲ ਸੰਬੰਧਤ ਹਨ, ਜੋ ਨਾਜ਼ੀਵਾਦ ਦੇ ਅਨੁਆਈ ਹਨ। ਇਹ ਹੈਰਾਨੀਜਨਕ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੇ ਚੁਣੇ ਹੋਏ ਪਰਲੀਮੈਂਟ ਮੈਂਬਰਾਂ ਤੇ ਰਾਜਸੀ ਆਗੂਆਂ ਦੇ ਤਾਂ ਜੰਮੂ ਕਸ਼ਮੀਰ 'ਚ ਜਾਣ 'ਤੇ ਪਾਬੰਦੀਆਂ ਲਗਾ ਰੱਖੀਆਂ ਹਨ, ਪ੍ਰੰਤੂ ਵਿਦੇਸ਼ੀ ਸਾਂਸਦਾਂ ਨੂੰ ਫੌਜ ਦੇ ਸਾਏ ਹੇਠਾਂ ਜੰਮੂ-ਕਸ਼ਮੀਰ ਦੀ ਤਥਾਕਥਿਤ ''ਸ਼ਾਂਤ ਤੇ ਕੰਟਰੋਲ ਹੇਠ ਸਥਿਤੀ'' ਦਿਖਾਈ ਜਾ ਰਹੀ ਹੈ, ਜਿਥੇ 90 ਦਿਨਾਂ ਤੋਂ ਲੋਕਾਂ ਨੂੰ ਜੇਲ੍ਹ ਵਾਂਗ ਘਰਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਇਸ ਤੋਂ ਵੱਡਾ ਗੁਨਾਹ ਤੇ ਸੰਵਿਧਾਨ ਦੀ ਉਲੰਘਣਾ ਹੋਰ ਕੀ ਹੋ ਸਕਦੀ ਹੈ? ਇਸ ਸਾਜ਼ਿਸ਼ੀ ਕੂੜ ਪ੍ਰਚਾਰ ਲਈ ਹੁਕੂਮਤ ਵਲੋਂ ਆਪਣੇ ਜ਼ਰਖਰੀਦ ਮੀਡੀਆ ਦੀਆਂ ਵੀ ਰੱਜ ਕੇ 'ਸੇਵਾਵਾਂ' ਲਈਆਂ ਗਈਆਂ ਹਨ ਪਰ ਕਸ਼ਮੀਰੀ ਲੋਕਾਂ ਦੀ ਬੇਚੈਨੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਦੁਸ਼ਵਾਰੀਆਂ ਨਿੱਤ ਨਵੇਂ ਚੜ੍ਹਦੇ ਦਿਨ, ਦੇਸ਼-ਦੁਨੀਆ ਵਿੱਚ ਵਧੇਰੇ ਤੋਂ ਵਧੇਰੇ ਉਜਾਗਰ ਹੋ ਰਹੀਆਂ ਹਨ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਕੇਂਦਰੀ ਸਰਕਾਰ ਦਾ ਉਕਤ ਬਦਨੀਅਤੀ ਵਾਲਾ ਦਾਅ, ਨਾ ਕੇਵਲ ਕਸ਼ਮੀਰੀ ਅਤੇ ਭਾਰਤੀ ਆਵਾਮ, ਬਲਕਿ ਕਸ਼ਮੀਰ ਸੰਬੰਧੀ ਫਿਕਰਮੰਦ ਸੰਸਾਰ ਦੇ ਸਾਰੇ ਜਮਹੂਰੀਅਤ ਪਸੰਦ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਝੋਂਕਣ ਦੇ ਤੁੱਲ ਹੈ।
ਆਰ.ਐਮ.ਪੀ.ਆਈ. ਮੰਗ ਕਰਦੀ ਹੈ ਕਿ ਅਮਨ ਬਹਾਲੀ ਦੇ ਹਕੀਕੀ ਯਤਨਾਂ ਤਹਿਤ ਉਥੋਂ ਦੀਆਂ ਵਿਸ਼ੇਸ਼ ਹਾਲਤਾਂ ਅਨੁਸਾਰ ਜੰਮੂ-ਕਸ਼ਮੀਰ ਦਾ 5 ਅਗਸਤ 2019 ਤੋਂ ਪਹਿਲਾਂ ਵਾਲਾ ਰੁਤਬਾ ਬਹਾਲ ਕੀਤਾ ਜਾਵੇ, ਸੂਬੇ 'ਚੋਂ ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਵਾਪਸ ਬੁਲਾਇਆ ਜਾਵੇ, ਇੰਟਰਨੈੱਟ ਸਮੇਤ ਸਾਰੀਆਂ ਜਨਤਕ ਸੇਵਾਵਾਂ ਬਹਾਲ ਕੀਤੀਆਂ ਜਾਣ, ਗ੍ਰਿਫਤਾਰ ਕੀਤੇ ਸਾਰੇ ਆਗੂ ਅਤੇ ਆਮ ਲੋਕੀਂ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤੇ ਜਾਣ ਅਤੇ ਕਸ਼ਮੀਰੀ ਆਵਾਮ ਨਾਲ ਗੱਲਬਾਤ ਰਾਹੀਂ ਅਮਨ ਬਹਾਲੀ ਦੇ ਸੁਹਿਰਦ ਯਤਨ ਕੀਤੇ ਜਾਣ।
ਆਰ.ਐਮ.ਪੀ.ਆਈ. ਅੱਤਵਾਦੀਆਂ ਵਲੋਂ ਬੇਗੁਨਾਹ ਲੋਕਾਂ, 5 ਪੱਛਮੀ ਬੰਗਾਲ ਦੇ ਮਜ਼ਦੂਰਾਂ ਤੇ ਟਰੱਕ ਡਰਾਇਵਰਾਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੀ ਵੀ ਘੋਰ ਨਿੰਦਿਆ ਕਰਦੀ ਹੈ।

No comments:

Post a Comment