Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Friday 17 February 2017

23 ਮਾਰਚ ਨੂੰ ''ਸਾਮਰਾਜ ਵਿਰੋਧੀ-ਨਸਲ ਵਿਰੋਧੀ-ਫਿਰਕਾਪ੍ਰਸਤੀ ਵਿਰੋਧੀ'' ਦਿਵਸ ਦੇਸ਼ ਭਰ 'ਚ ਮਨਾਉਣ ਦਾ ਸੱਦਾ

21 ਫਰਵਰੀ ਸੰਸਾਰ ਮਾਤਾ ਭਾਸ਼ਾ ਦਿਵਸ ਅਤੇ 8 ਮਾਰਚ ਕੌਮਾਂਤਰੀ ਇਸਤਰੀ ਦਿਵਸ ਨੂੰ ''ਨਾਰੀ ਅਧਿਕਾਰ ਦਿਵਸ'' ਵਜੋਂ ਮਨਾਉਣ ਦਾ ਐਲਾਨ 
ਜਲੰਧਰ,  17 ਫਰਵਰੀ 2017 - ''ਲੁੱਟ ਅਧਾਰਤ ਪੂੰਜੀਵਾਦੀ ਰਾਜ ਪ੍ਰਬੰਧ ਵਲੋਂ ਸੰਸਾਰ ਭਰ ਦੇ ਕਿਰਤੀਆਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਘੋਰ ਅਸਫਲਤਾ ਤੋਂ ਧਿਆਨ ਲਾਂਭੇ ਕਰਨ ਦੇ ਕੋਝੇ ਮਕਸਦ ਅਧੀਨ ਡੋਨਾਲਡ ਟਰੰਪ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਹੁਕਮਰਾਨ ਲੋਟੂ ਜਮਾਤਾਂ ਦੇ ਸਾਰੇ ਪ੍ਰਤੀਨਿਧੀ ਨਸਲੀ, ਫਿਰਕੂ, ਇਲਾਕਾਈ ਤੇ ਹੋਰ ਫੁੱਟਪਾਊ ਮੁੱਦੇ ਉਭਾਰ ਰਹੇ ਹਨ।'' ਇਹ ਸ਼ਬਦ ਅੱਜ ਇੱਥੇ ਸਾਥੀ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਦੋ ਦਿਨਾਂ ਸੂਬਾ ਸਕੱਤਰੇਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ। ਉਨ੍ਹਾਂ ਕਿਹਾ ਕਿ ਪੂੰਜੀਵਾਦੀ  ਰਾਜ ਪ੍ਰਬੰਧ ਦੀ ਅੰਨ੍ਹੀ ਲੁੱਟ 'ਚੋਂ ਨਿਕਲੇ ਆਰਥਿਕ ਮੰਦਵਾੜੇ ਨਾਲ ਨਜਿੱਠਣ ਲਈ ਸੰਸਾਰ ਭਰ ਦੇ ਕਿਰਤੀ ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਦੀ ਹੋਰ ਵੀ ਬੇਰਹਿਮ ਲੁੱਟ ਦੇ ਉਦੇਸ਼ ਲਈ ਬਣਾਈਆਂ ਗਈਆਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਦੇ ਬੇਰੋਕ ਟੋਕ ਲਾਗੂ ਕੀਤੇ ਜਾਣ ਲਈ ਲੋਕਾਂ ਦਾ ਬੇਲੋੜੇ ਫੁੱਟਪਾਊ ਏਜੰਡੇ 'ਤੇ ਵੰਡੇ ਜਾਣਾ ਸੰਸਾਰ ਦੇ ਸਾਰੇ ਦੇਸ਼ਾਂ ਦੀਆਂ ਹਾਕਮ ਜਮਾਤਾਂ ਦੀ ਲੋੜ ਹੈ, ਇਸ ਲਈ ਟਰੰਪ-ਮੋਦੀ 'ਤੇ ਅਜਿਹੇ ਹੋਰਨਾਂ ਸੱਜ ਪਿਛਾਖੜੀਆਂ ਦੀ ਫਿਰਕੂ, ਨਸਲੀ ਖੂਨੀ ਖੇਡ ਕੋਈ ਅਚਾਨਕ ਵਾਪਰਿਆ ਵਰਤਾਰਾ ਨਹੀਂ ਬਲਕਿ ਵਿਊਂਤਬੱਧ ਸਾਜਿਸ਼ ਹੈ। ਸਾਥੀ ਪਾਸਲਾ ਨੇ ਕਿਹਾ ਕਿ ਨਾ ਕੇਵਲ ਯੂ.ਪੀ., ਪੰਜਾਬ ਅਤੇ ਹੋਰ ਰਾਜਾਂ ਦੀਆਂ ਚੋਣਾਂ ਸਮੇਂ ਬਲਕਿ ਹਰ ਹੀਲੇ ਸੰਘੀ ਸੰਗਠਨਾਂ, ਭਾਜਪਾ ਅਤੇ ਇਸ ਦੇ ਜੋਟੀਦਾਰਾਂ ਵਲੋਂ ਵਾਰ ਵਾਰ ਉਭਾਰੇ ਜਾਂਦੇ ਫਿਰਕੂ ਫੁੱਟਪਾਊ ਮੁੱਦਿਆਂ ਨੂੰ ਇਸ ਨਜ਼ਰੀਏ ਤੋਂ ਘੋਖੇ ਜਾਣ ਦੀ ਜ਼ਰੂਰਤ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਉਦਾਰੀਕਰਨ, ਸੰਸਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਮਚਾਈ ਜਾ ਰਹੀ ਅਤੇ ਦਿਨੋਂ ਦਿਨ ਤਿੱਖੀ ਹੁੰਦੀ ਜਾ ਰਹੀ ਜਿਸ ਲੁੱਟ ਤੋਂ ਧਿਆਨ ਲਾਂਭੇ ਕਰਨ ਲਈ ਫਿਰਕੂ ਫੁਟਪਾਊ ਖੂਨੀ ਖੇਡ ਖੇਡੀ ਜਾ ਰਹੀ ਹੈ, ਉਸ ਅਮਾਨਵੀ ਲੁੱਟ ਵਿਰੁੱਧ ਵਿਸ਼ਾਲ ਸਾਂਝੇ ਸੰਗਰਾਮ ਤਿੱਖੇ ਤੋਂ ਤਿਖੇਰੇ ਕਰਨੇ ਅੱਜ ਕਿਰਤੀ ਜਮਾਤਾਂ ਸਾਹਮਣੇ ਮੁੱਢਲਾ ਕਾਰਜ ਹੈ। ਸਾਥੀ ਪਾਸਲਾ ਨੇ ਕਿਹਾ ਕਿ ਉਕਤ ਉਦੇਸ਼ ਦੀ ਪੂਰਤੀ ਲਈ ਆਰ.ਐਮ.ਪੀ.ਆਈ. ਵਲੋਂ ਸੰਸਾਰ ਪ੍ਰਸਿੱਧ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ''ਸਾਮਰਾਜ ਵਿਰੋਧੀ-ਨਸਲ ਵਿਰੋਧੀ-ਫਿਰਕਾਪ੍ਰਸਤੀ ਵਿਰੋਧੀ'' ਦਿਵਸ ਵਜੋਂ ਦੇਸ਼ ਭਰ ਵਿਚ ਮਨਾਇਆ ਜਾਵੇਗਾ। ''ਸੂਬਾ ਸਕੱਤਰੇਤ ਨੇ ਇਸ ਦਿਸ਼ਾ ਵਿਚ ਸਮੂਹ ਪਾਰਟੀ ਇਕਾਈਆਂ, ਜਨਸੰਗਠਨਾਂ ਤੇ ਹਮਦਰਦਾਂ ਨੂੰ ਇਹ ਦਿਹਾੜਾ ਹਰ ਪੱਧਰ 'ਤੇ ਵਿਸ਼ਾਲ ਲੋਕ ਭਾਗੀਦਾਰੀ ਯਕੀਨੀ ਬਨਾਉਂਦਿਆਂ ਇਨਕਲਾਬੀ ਜੋਸ਼ ਨਾਲ ਮਨਾਉਣ ਹਿੱਤ ਹੁਣ ਤੋਂ ਹੀ ਤਿਆਰੀਆਂ 'ਚ ਜੁਟ ਜਾਣ ਦਾ ਸੱਦਾ ਦਿੱਤਾ।''
ਸੂਬਾ ਸਕੱਤਰੇਤ ਵਲੋਂ ਲੰਘੀਆਂ ਵਿਧਾਨ ਸਭਾ ਚੋਣਾਂ 'ਚ ਸੀਮਤ ਵਸੀਲਿਆਂ ਦੇ ਬਾਵਜੂਦ ਖੱਬੇ ਮੋਰਚੇ ਦੇ ਉਮੀਦਵਾਰਾਂ ਨੂੰ ਪੰਜਾਬ ਦੀ ਹਕੀਕੀ ਬਿਹਤਰੀ ਚਾਹੁੰਦੇ ਲੋਕਾਂ ਵਲੋਂ ਦਿੱਤੇ ਗਏ ਭਰਪੂਰ ਸਰਵਪੱਖੀ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਪਾਰਟੀ ਅਤੇ ਖੱਬੀਆਂ ਪਾਰਟੀਆਂ ਵਲੋਂ ਲੋਕ ਆਸਾਂ ਦੀ ਪੂਰਤੀ ਲਈ ਖੱਬੀ ਏਕਤਾ ਅਤੇ ਜਨ ਸੰਗਰਾਮਾਂ ਨੂੰ ਹੋਰ ਮਜ਼ਬੂਤ 'ਤੇ ਤੇਜ਼ ਕਰਨ ਲਈ ਪੂਰਾ ਤਾਣ ਲਾਇਆ ਜਾਵੇਗਾ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 8 ਮਾਰਚ ਕੌਮਾਂਤਰੀ ਇਸਤਰੀ ਦਿਵਸ ਨੂੰ ''ਨਾਰੀ ਅਧਿਕਾਰ ਦਿਵਸ'' ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਜਨਵਾਦੀ ਇਸਤਰੀ ਸਭਾ ਤੇ ਹੋਰ ਨਾਰੀ ਸੰਗਠਨਾਂ ਵਲੋਂ ਕੀਤੇ ਜਾਣ ਵਾਲੇ ਲੋਕ ਹਿਤੂ ਸਮਾਗਮਾਂ ਨੂੰ ਪੂਰੀ ਪੂਰੀ ਹਿਮਾਇਤ ਦਿੱਤੀ ਜਾਵੇਗੀ। ਮੀਟਿੰਗ ਵਲੋਂ ''21 ਫਰਵਰੀ ਸੰਸਾਰ ਮਾਤਾ ਭਾਸ਼ਾ ਦਿਵਸ'' ਸਮੇਂ ਕੇਂਦਰੀ ਪੰਜਾਬ ਲੇਖਕ ਸਭਾ ਅਤੇ ਹੋਰ ਪੰਜਾਬੀ ਭਾਸ਼ਾ ਪ੍ਰੇਮੀਆਂ ਵਲੋਂ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਐਕਸ਼ਨ ਨੂੰ ਵੀ ਹਰ ਪੱਖੋਂ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਸੂਝ ਤੋਂ ਕੋਰੇ ਨੋਟਬੰਦੀ ਦੇ ਫੈਸਲੇ ਅਤੇ ਸਾਮਰਾਜ ਪੱਖੀ ਨੀਤੀਆਂ ਕਰਕੇ ਮੁੱਖ ਫਸਲਾਂ ਖਾਸ ਕਰ ਆਲੂ, ਟਮਾਟਰ, ਪਿਆਜ਼ ਆਦਿ ਦੀ ਹੋ ਰਹੀ ਬੇਕਦਰੀ ਨਾਲ ਕਿਸਾਨਾਂ ਦੇ ਹੋਏ ਅਰਬਾਂ ਖਰਬਾਂ ਦੇ ਨੁਕਸਾਨ ਵਿਰੁੱਧ ਐਕਸ਼ਨ ਲਾਮਬੰਦ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਵਿਧਾਨ ਸਭਾ ਚੋਣ ਮੁਹਿੰਮ ਦਰਮਿਆਨ ਮੌੜ ਮੰਡੀ (ਬਠਿੰਡਾ) ਵਿਖੇ ਬੰਬ ਧਮਾਕੇ ਨਾਲ ਮਾਰੇ ਗਏ ਅੱਧੀ ਦਰਜਨ ਤੋਂ ਵਧੇਰੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਮੀਟਿੰਗ ਵਲੋਂ ਕਿਹਾ ਗਿਆ ਕਿ ਪੰਜਾਬ 'ਚ ਅੱਤਵਾਦ ਦੇ ਕਾਲੇ ਦਿਨ ਫਿਰ ਤੋਂ ਪਰਤਾਉਣ ਦੀ ਮਾਨਵਦੋਖੀ ਮੰਸ਼ਾ ਅਧੀਨ ਕੀਤੇ ਗਏ ਉਕਤ ਬੰਬ ਧਮਾਕੇ ਪਿੱਛੇ ਲੁਕੀ ਸਾਜਿਸ਼ ਨੂੰ ਪੰਜਾਬ ਦੇ ਲੋਕ ਹਰ ਹਾਲਤ ਫੇਲ੍ਹ ਕਰਨਗੇ।
ਮੀਟਿੰਗ ਦੇ ਸ਼ੁਰੂ ਵਿਚ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਉਘੇ ਕਿਸਾਨ ਘੁਲਾਟੀਏ ਸਾਥੀ ਗੁਰਨਾਮ ਸਿੰਘ ਸੰਘੇੜਾ ਨੂੰ ਦੋ ਮਿੰਟ ਮੌਨ ਖੜੋ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
(ਮੰਗਤ ਰਾਮ ਪਾਸਲਾ)

No comments:

Post a Comment